ਮਲੋਟ, 18 ਜੂਨ (ਅਜਮੇਰ ਸਿੰਘ ਬਰਾੜ)- ਕਾਂਗਰਸ ਪਾਰਟੀ ਦਾ ਕਾਟੋ-ਕਲੇਸ਼ ਮੁੱਕਣ ਦਾ ਨਾਂਅ ਨਹੀਂ ਲੈ ਰਿਹਾ | ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਲੋਂ ਨਗਰ ਕੌਂਸਲਰ ਅਸ਼ਵਨੀ ਖੇੜਾ ਤੇ ਜੁਗਰਾਜ ਖੇੜਾ ਨੂੰ ਛੇ ਸਾਲਾਂ ਲਈ ਕਾਂਗਰਸ ਵਿਚੋਂ ਬਾਹਰ ਕੱਢਣ ਉਪਰੰਤ ਇਹ ਘਮਸਾਨ ਹੋਰ ਤੇਜ਼ ਹੋ ਗਿਆ ਹੈ | ਪਾਰਟੀ 'ਚੋਂ ਕੱਢੇ ਗਏ ਖੇੜਾ ਭਰਾ ਅੱਜ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨੂੰ ਮਿਲਣ ਲਈ ਪਹੁੰਚੇ ਹੋਏ ਹਨ | ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵਲੋਂ 23 ਮਈ ਨੂੰ ਸੰਵਿਧਾਨ ਬਚਾਓ ਰੈਲੀ ਮਲੋਟ ਦੇ ਇਕ ਪੈਲੇਸ ਵਿਚ ਕੀਤੀ ਗਈ, ਜੋ ਇਕੱਠ ਪੱਖੋਂ ਬਹੁਤ ਪ੍ਰਭਾਵਸ਼ਾਲੀ ਰਹੀ, ਪਰ ਇਸ ਵਿਚ ਜ਼ਿਆਦਾ ਚਰਚਾ ਅਸ਼ਵਨੀ ਖੇੜਾ, ਜੁਗਰਾਜ ਖੇੜਾ ਤੋਂ ਇਲਾਵਾ ਸੂਬਾ ਕਮੇਟੀ ਦੇ ਮੈਂਬਰ ਐਡਵੋਕੇਟ ਜਸਪਾਲ ਸਿੰਘ ਔਲਖ ਵਲੋਂ ਕੁਰਸੀਆਂ 'ਤੇ ਬੈਠਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ ਜੋ ਥੋੜ੍ਹੀ ਅੱਗੇ ਵਧ ਗਈ, ਤਾਂ ਇਹ ਮੀਡੀਆ ਵਿਚ ਆਉਣ ਕਰਕੇ ਕਾਂਗਰਸ ਨੂੰ ਇਸ ਭਰਵੀਂ ਰੈਲੀ ਦਾ ਸਿਆਸੀ ਲਾਹਾ ਉਸ ਪੱਧਰ ਤੱਕ ਨਾ ਮਿਲ ਸਕਿਆ, ਜਿਸ ਪੱਧਰ ਤੱਕ ਉਨ੍ਹਾਂ ਨੇ ਪ੍ਰਬੰਧ ਕੀਤੇ ਸਨ | ਇਸ ਸੰਵਿਧਾਨ ਬਚਾਓ ਰੈਲੀ ਦੌਰਾਨ ਅਸ਼ਵਨੀ ਕੁਮਾਰ ਤੇ ਦੂਜੇ ਸਾਥੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ, ਜਿਸ 'ਤੇ ਉਨ੍ਹਾਂ ਨੇ ਖੇਦ ਪ੍ਰਗਟ ਕਰਦਿਆਂ ਜਵਾਬ ਦਿੱਤਾ ਤੇ ਗੱਲ ਇਕ ਵਾਰੀ ਟਿਕ ਗਈ, ਪਰ ਦੁਬਾਰਾ ਫ਼ਿਰ ਬੀਤੇ ਦਿਨ ਕਾਂਗਰਸ ਵਲੋਂ ਬਲਾਕ ਪੱਧਰੀ ਮੀਟਿੰਗ ਝਾਂਬ ਗੈਸਟ ਹਾਊਸ ਵਿਖੇ ਕੀਤੀ ਗਈ, ਜਿਸ ਵਿਚ ਮੁੜ ਅਸ਼ਵਨੀ ਕੁਮਾਰ ਖੇੜਾ ਦੇ ਬੋਲਣ 'ਤੇ ਇਤਰਾਜ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਿੱਟੂ ਤੇ ਕਾਂਗਰਸ ਦੇ ਬਲਾਕ ਪ੍ਰਧਾਨ ਸ਼ਿਵ ਕੁਮਾਰ ਸ਼ਿਵਾ ਨੇ ਇਨ੍ਹਾਂ ਕਾਂਗਰਸੀ ਆਗੂਆਂ 'ਤੇ ਅਨੁਸ਼ਾਸਨ ਭੰਗ ਕਰਨ ਜਿਹੇ ਦੋਸ਼ ਲਾਉਂਦਿਆਂ ਦੋਵੇਂ ਭਰਾਵਾਂ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ, ਜਿਸ 'ਤੇ ਕੁਝ ਕਾਂਗਰਸੀ ਆਗੂਆਂ ਨੇ ਕਿਹਾ ਕਿ ਚੰਗਾ ਹੋ ਗਿਆ | ਉੱਧਰ ਕਾਂਗਰਸ ਦੀ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਪ੍ਰੋਫ਼ੈਸਰ ਰੁਪਿੰਦਰ ਰੂਬੀ ਨੇ ਖੇੜਾ ਭਰਾਵਾਂ ਨੂੰ ਪਾਰਟੀ ਵਿਚੋਂ ਕੱਢਣ ਦੀ ਗੱਲ ਨੂੰ ਗੈਰ ਸੰਵਿਧਾਨਕ ਦੱਸਦਿਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੀ ਚੰਗੀ ਸਿਆਸੀ ਹਵਾ ਹੈ, ਜਿਸ ਨੂੰ ਬਰਕਰਾਰ ਰੱਖਣ ਦੇ ਨਾਲ ਹੋਰ ਵੀ ਲੋਕਾਂ ਨੂੰ ਪਾਰਟੀ ਨਾਲ ਜੋੜਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਹੁਣ ਟਕਸਾਲੀ ਸੀਨੀਅਰ ਕਾਂਗਰਸੀ ਆਗੂਆਂ ਨੂੰ ਪਾਰਟੀ 'ਚੋਂ ਕੱਢਣ ਦਾ ਵੇਲਾ ਨਹੀਂ, ਸਗੋਂ 2027 ਦੀਆਂ ਚੋਣਾਂ ਨੂੰ ਦੇਖਦਿਆਂ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ | ਕਾਂਗਰਸ ਦੇ ਸੂਬਾ ਕਮੇਟੀ ਮੈਂਬਰ ਐਡਵੋਕੇਟ ਜਸਪਾਲ ਸਿੰਘ ਔਲਖ ਨੇ ਵੀ ਅਸ਼ਵਨੀ ਖੇੜਾ ਤੇ ਜੁਗਰਾਜ ਖੇੜਾ ਨੂੰ ਕਾਂਗਰਸ ਪਾਰਟੀ ਵਿਚੋਂ ਕੱਢਣ ਦੇ ਫ਼ੈਸਲੇ ਨੂੰ ਅਤਿ-ਨਿੰਦਣਯੋਗ ਕਾਰਵਾਈ ਦੱਸਿਆ ਹੈ | ਉੱਧਰ ਪਾਰਟੀ ਵਿਚੋਂ ਕੱਢੇ ਗਏ ਕੌਂਸਲਰ ਆਸ਼ਵਨੀ ਖੇੜਾ ਨੇ ਕਿਹਾ ਕਿ ਬੀਤੇ ਕੱਲ੍ਹ ਹੋਈ ਮੀਟਿੰਗ ਵਿਚ ਉਨ੍ਹਾਂ ਨੂੰ ਬਕਾਇਦਾ ਤੌਰ 'ਤੇ ਹਲਕਾ ਇੰਚਾਰਜ ਤੋਂ ਇਲਾਵਾ ਹੋਰ ਵੀ ਸੀਨੀਅਰ ਕਾਂਗਰਸੀ ਆਗੂਆਂ ਨੇ ਬਕਾਇਦਾ ਸੱਦਾ ਪੱਤਰ ਦੇ ਕੇ ਸੱਦਿਆ ਸੀ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਸ਼ੁਭਦੀਪ ਸਿੰਘ ਬਿੱਟੂ ਵਲੋਂ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕਾ ਪ੍ਰੋ. ਰੂਬੀ ਨੂੰ ਜਦ ਉਹ ਸਟੇਜ 'ਤੇ ਬੋਲਣ ਲੱਗੇ ਤਾਂ ਧੱਕਾ ਮਾਰਿਆ ਗਿਆ ਤੇ ਮਾਈਕ ਖੋਹਿਆ, ਜਿਸ ਕਰਕੇ ਉਨ੍ਹਾਂ ਦੇ ਮਨ ਨੂੰ ਇਕਦਮ ਠੇਸ ਪੁੱਜੀ ਅਤੇ ਉਨ੍ਹਾਂ ਮਹਿਸੂਸ ਕੀਤਾ ਕਿ ਇਕ ਦਲਿਤ ਆਗੂ ਔਰਤ ਨੂੰ ਜੋ ਵਿਧਾਇਕਾ ਵੀ ਰਹਿ ਚੁੱਕੀ ਹੈ ਤੇ ਹਲਕਾ ਇੰਚਾਰਜ ਹੈ, ਨੂੰ ਜ਼ਿਲ੍ਹਾ ਪ੍ਰਧਾਨ ਵਲੋਂ ਧੱਕਾ ਮਾਰਨਾ ਬੇਹੱਦ ਮਾੜਾ ਤੇ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਨੁਸ਼ਾਸਨ ਭੰਗ ਨਹੀਂ ਕੀਤਾ ਤੇ ਕੋਈ ਅਜਿਹੀ ਗੱਲ ਨਹੀਂ ਕੀਤੀ, ਜਿਸ ਕਰਕੇ ਕਾਂਗਰਸ ਪਾਰਟੀ ਜਾਂ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਠੇਸ ਪੁੱਜਦੀ ਹੋਵੇ | ਉਨ੍ਹਾਂ ਕਿਹਾ ਕਿ ਉਹ ਵੇਦ ਪ੍ਰਕਾਸ਼ ਖੇੜਾ, ਓਮ ਪ੍ਰਕਾਸ਼ ਖੇੜਾ ਦੇ ਪਰਿਵਾਰ ਦੇ ਮੈਂਬਰ ਹਨ, ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਪਾਰਟੀ ਦੇ ਲੇਖੇ ਲਾਉਂਦਿਆਂ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਕੰਮ ਕੀਤਾ ਹੈ | ਉਨ੍ਹਾਂ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਉਨ੍ਹਾਂ ਨੂੰ 6 ਸਾਲਾਂ ਲਈ ਪਾਰਟੀ ਵਿਚੋਂ ਕੱਢਣਾ ਜ਼ਿਲ੍ਹਾ ਪ੍ਰਧਾਨ ਦੇ ਅਧਿਕਾਰ ਖੇਤਰ ਵਿਚ ਨਹੀਂ ਆਉਂਦਾ | ਉਨ੍ਹਾਂ ਕਿਹਾ ਕਿ ਉਹ ਆਪਣਾ ਪੱਖ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕੋਲ ਰੱਖਣ ਪ੍ਰਧਾਨ ਕੋਲ ਪੁੱਜੇ ਹਨ | ਖੇੜਾ ਭਰਾਵਾਂ ਨਾਲ ਅੱਜ ਵੀ ਕਾਂਗਰਸ ਦੇ ਕਾਫ਼ੀ ਆਗੂ ਉਨ੍ਹਾਂ ਦੇ ਨਾਲ ਖੜ੍ਹੇ ਸਨ |