• ਕਿਸਾਨਾਂ ਵਲੋਂ ਨਮੀ ਦੀ ਮਾਤਰਾ 20 ਫ਼ੀਸਦੀ ਕਰਨ ਦੀ ਮੰਗ
ਕੋਟਕਪੂਰਾ, 16 ਅਕਤੂਬਰ (ਮੇਘਰਾਜ)-ਬੀਤੇ ਕਈ ਦਿਨਾਂ ਤੋਂ ਝੋਨੇ ਦੀ ਕਟਾਈ ਜ਼ੋਰਾਂ 'ਤੇ ਚੱਲ ਰਹੀ ਹੈ ਤੇ ਹਰ ਪਾਸਿਓਾ ਝੋਨੇ ਦੀਆਂ ਭਰੀਆਂ ਟਰਾਲੀਆਂ ਮੁੱਖ ਦਾਣਾ ਮੰਡੀ ਕੋਟਕਪੂਰਾ 'ਚ ਵਿਕਣ ਲਈ ਆ ਰਹੀਆਂ ਹਨ | ਸਰਕਾਰ ਦੀਆਂ ਸ਼ਰਤਾਂ ਅਨੁਸਾਰ 17 ਫ਼ੀਸਦੀ ਨਮੀ ਵਾਲੇ ਝੋਨੇ ਨੂੰ ਉਸੇ ਦਿਨ ਹੀ ਖਰੀਦਿਆ ਜਾ ਰਿਹਾ ਹੈ ਜਦ ਕਿ ਇਸ ਤੋਂ ਉੱਪਰ ਨਮੀ ਵਾਲੇ ਝੋਨੇ ਨੂੰ ਸੁਕਾ ਕੇ ਚੰਗੀ ਤਰ੍ਹਾਂ ਖਰੀਦਿਆ ਜਾ ਰਿਹਾ ਹੈ | ਕਈ ਕਿਸਾਨਾਂ ਵਲੋਂ ਜ਼ਿਆਦਾ ਸੁੱਕਾ ਝੋਨਾ ਨਹੀਂ ਕੱਟਿਆ ਜਿਸ ਨੂੰ ਸੁਕਾਉਣ ਲਈ ਸਬੰਧਿਤ ਕਿਸਾਨਾਂ ਵਲੋਂ ਮੰਡੀ ਦੇ ਫ਼ੜ੍ਹ 'ਚ ਫ਼ਸਲ ਖਿਲਾਰੀ ਹੋਈ ਹੈ | ਰਾਤ ਸਮੇਂ ਮੌਸਮ ਸਿੱਲਾ ਹੋਣ ਕਾਰਨ ਝੋਨਾ ਸੁਕਾਉਣ ਲਈ ਕਈ ਕਈ ਦਿਨ ਕਿਸਾਨਾਂ ਨੂੰ ਇੰਤਜ਼ਾਰ ਕਰਨਾ ਪੈ ਰਿਹਾ ਹੈ | ਇਸ ਤੋਂ ਪਹਿਲਾਂ ਬਾਸਮਤੀ ਝੋਨੇ ਦੀ ਆਮਦ ਜ਼ੋਰਾਂ 'ਤੇ ਸੀ ਜਿਸ ਨੂੰ ਪ੍ਰਾਈਵੇਟ ਖਰੀਦਦਾਰਾਂ ਵਲੋਂ ਤੁਰੰਤ ਖਰੀਦਿਆ ਜਾ ਰਿਹਾ ਸੀ | ਮੁੱਖ ਦਾਣਾ ਮੰਡੀ ਤੋਂ ਇਲਾਵਾ 15 ਪੇਂਡੂ ਖਰੀਦ ਕੇਂਦਰਾਂ 'ਚ ਝੋਨੇ ਦੀ ਆਮਦ 'ਚ ਦਿਨੋਂ ਦਿਨ ਤੇਜ਼ੀ ਆ ਰਹੀ ਹੈ | ਮੁੱਖ ਦਾਣਾ ਮੰਡੀ ਝੋਨੇ ਦੀਆਂ ਢੇਰੀਆਂ ਅਤੇ ਫ਼ਸਲ ਦੇ ਭਰੇ ਬਾਰਦਾਨੇ ਕਾਰਨ ਨੱਕੋ-ਨੱਕ ਭਰੀ ਹੋਈ ਹੈ | ਕਈ ਕਿਸਾਨਾਂ ਨੂੰ ਫ਼ਸਲ ਮੰਡੀ 'ਚ ਸੁੱਟਣ ਲਈ ਜਗ੍ਹਾ ਬਣਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪੈ ਰਹੀ ਹੈ | ਮੰਡੀ 'ਚ ਬੈਠੇ ਕਿਸਾਨਾਂ ਨੇ ਦੱਸਿਆ ਕਿ ਬਾਸਮਤੀ ਦਾ ਝਾੜ ਵੀ ਪਿਛਲੇ ਸਾਲ ਨਾਲੋਂ ਕਰੀਬ 5 ਕੁਇੰਟਲ ਘੱਟ ਝੜਿਆ ਹੈ ਤੇ ਝੋਨੇ ਦੇ ਝਾੜ 'ਚ ਕਾਫ਼ੀ ਅਸਰ ਦਿਖਾਈ ਦੇ ਰਿਹਾ ਹੈ | ਬਾਸਮਤੀ ਦਾ ਔਸਤਨ ਝਾੜ 50 ਮਣ ਪ੍ਰਤੀ ਏਕੜ ਨਿਕਲਿਆ ਹੈ ਜਿਸ ਕਾਰਨ ਕਿਸਾਨਾਂ ਦੀ ਔਸਤ ਵੱਟਤ ਕਾਫ਼ੀ ਘੱਟ ਹੈ | ਕਈ ਕਿਸਾਨਾਂ ਵਲੋਂ ਬਾਸਮਤੀ ਫ਼ਸਲ ਦੀ ਕਟਾਈ ਕਰਕੇ ਗੋਭੀ ਵੀ ਲਗਾ ਦਿੱਤੀ ਹੈ | ਕੁਝ ਕਿਸਾਨ ਮੰਡੀਆਂ 'ਚ ਬੈਠੇ ਆਪਣੀ ਫ਼ਸਲ ਵਿਕਣ ਦੀ ਉਡੀਕ 'ਚ ਬੈਠੇ ਹਨ ਤੇ ਖੱਜਲ ਖੁਆਰ ਹੋ ਰਹੇ ਹਨ | ਕਿਸਾਨਾਂ ਦੀ ਮੰਗ ਹੈ ਕਿ ਝੋਨੇ ਦੀ ਨਮੀ ਦਾ ਮਾਤਰਾ 20 ਫ਼ੀਸਦੀ ਕੀਤੀ ਜਾਵੇ ਤਾਂ ਜੋ ਕਿਸਾਨਾਂ ਨੂੰ ਜ਼ਿਆਦਾ ਸਮਾਂ ਮੰਡੀਆਂ 'ਚ ਨਾ ਰੁਲਣਾ ਪਵੇ |
ਝੋਨੇ ਦੀ ਆਮਦ 'ਚ ਆਈ ਤੇਜ਼ੀ, ਮੁੱਖ ਦਾਣਾ ਮੰਡੀ ਝੋਨੇ ਨਾਲ ਨੱਕੋ-ਨੱਕ ਭਰੀ
ਅਜੀਤ ਡੈਸਕ
17-10-2025