ਸਾਦਿਕ, 16 ਅਕਤੂਬਰ (ਗੁਰਭੇਜ ਸਿੰਘ ਚੌਹਾਨ)-ਬੀਤੀ 5 ਅਕਤੂਬਰ ਨੂੰ ਸਾਦਿਕ ਇਲਾਕੇ 'ਚ ਆਏ ਤੇਜ਼ ਝੱਖੜ ਅਤੇ ਬਾਰਿਸ਼ ਕਾਰਨ ਸਾਦਿਕ-ਫ਼ਿਰੋਜ਼ਪੁਰ ਹਾਈਵੇ 'ਤੇ ਬਹੁਤ ਸਾਰੇ ਭਾਰੀ ਸਫ਼ੈਦੇ ਡਿੱਗ ਪਏ ਸਨ | ਜਿਨ੍ਹਾਂ ਦਾ ਵੜਾਂਗ ਬਾਲਣ ਵਾਲੇ ਆਮ ਲੋਕ ਬੰਦ ਰਸਤਾ ਚਾਲੂ ਕਰਨ ਸਮੇਂ ਵੱਢ ਕੇ ਲੈ ਗਏ ਸਨ ਪਰ ਉਨ੍ਹਾਂ 'ਚੋਂ ਬਹੁਤੇ ਭਾਰੀ ਮੁੱਢ ਅਜੇ ਵੀ ਸੜਕ ਦੇ ਕਿਨਾਰੇ ਪਏ ਹੋਏ ਹਨ | ਅੱਜ 11 ਦਿਨ ਬੀਤ ਜਾਣ ਦੇ ਬਾਵਜੂਦ ਜੰਗਲਾਤ ਵਿਭਾਗ ਨੇ ਇਨ੍ਹਾਂ ਸਫ਼ੈਦਿਆਂ ਨੂੰ ਸੜਕ ਦੇ ਕਿਨਾਰਿਉਂ ਨਹੀਂ ਉਠਾਇਆ | ਜਿਸ ਕਰਕੇ ਕਿਸੇ ਵੀ ਸਮੇਂ ਰਾਤ ਦੇ ਹਨ੍ਹੇਰੇ 'ਚ ਅੱਗੋਂ ਲਾਈਟਾਂ ਪੈਣ ਨਾਲ ਵਾਹਨ ਸਾਈਡ 'ਤੇ ਕਰਨ ਲੱਗਿਆ ਇਨ੍ਹਾਂ ਸਫ਼ੈਦਿਆਂ ਨਾਲ ਟਕਰਾ ਕੇ ਕੋਈ ਵੀ ਨਿਭਾਗਾ ਕਿਸੇ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ | ਸ਼ਾਇਦ ਜੰਗਲਾਤ ਵਿਭਾਗ ਅਜਿਹੇ ਮੌਕੇ ਦੀ ਉਡੀਕ ਹੀ ਕਰ ਰਿਹਾ ਹੈ ਜੋ ਤੋਪਾਂ ਵਾਂਗ ਸੜਕ ਵੱਲ ਮੂੰਹ ਕਰੇ ਹੋਏ ਸਫ਼ੈਦਿਆਂ ਨੂੰ ਨਹੀਂ ਉਠਾ ਰਿਹਾ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਂਜ ਕੋਈ ਗਰੀਬ ਸੜਕ ਤੋਂ ਸਫ਼ੈਦੇ ਦੀ ਟਾਹਣੀ ਵੀ ਵੱਢ ਕੇ ਲੈ ਜਾਵੇ ਤਾਂ ਇਹ ਝੱਟ ਉਨ੍ਹਾਂ ਦੇ ਘਰ ਪਹੁੰਚ ਜਾਂਦੇ ਹਨ ਪਰ ਹੁਣ ਇਲਾਕੇ ਦੇ ਲੋਕਾਂ ਵਲੋਂ ਵਾਰ ਵਾਰ ਕਹਿਣ ਦੇ ਬਾਵਜੂਦ ਇਨ੍ਹਾਂ ਦੇ ਕੰਨ 'ਤੇ ਜੂੰ ਨਹੀਂ ਸਰਕਦੀ | ਜੇਕਰ ਕੋਈ ਜਿਮੀਂਦਾਰ ਘਸੀਟ ਕੇ ਲੈ ਗਿਆ ਤਾਂ ਫਿਰ ਪੈਂੜਾਂ ਕੱਢਦੇ ਫਿਰਨਗੇ | ਉੱਘੇ ਲੇਖਕ ਨਿੰਦਰ ਘੁਗਿਆਣਵੀ ਨੇ ਵੀ ਸਬੰਧਿਤ ਵਿਭਾਗ ਨੂੰ ਫੋਨ ਕਰਕੇ ਇਨ੍ਹਾਂ ਸਫ਼ੈਦਿਆਂ ਨੂੰ ਉਠਾਉਣ ਦੀ ਗੱਲ ਆਖੀ ਸੀ ਅਤੇ ਜੇਕਰ ਕੋਈ ਘਟਨਾ ਵਾਪਰ ਗਈ ਤਾਂ ਮਹਿਕਮੇ ਨੂੰ ਇਸ ਘਟਨਾਂ ਦਾ ਜ਼ਿੰਮੇਵਾਰ ਠਹਿਰਾਉਣ ਦੀ ਚਿਤਾਵਨੀ ਵੀ ਦਿੱਤੀ ਸੀ ਅਤੇ ਐਫ਼.ਆਰ.ਆਰ ਦਰਜ ਕਰਵਾਉਣ ਤੱਕ ਕਿਹਾ ਸੀੇ | ਇਸ ਚਿਤਾਵਨੀ ਨੂੰ ਅਣਗੌਲਿਆ ਕਰਦਿਆਂ ਇਸ ਦੀ ਕੋਈ ਪ੍ਰਵਾਹ ਨਹੀਂ ਕੀਤੀ ਗਈ ਅਤੇ ਅਜੇ ਤੱਕ ਇਹ ਸਫ਼ੈਦੇ ਉਸੇ ਤਰਾਂ ਹੀ ਸੜਕ ਦੇ ਕਿਨਾਰੇ 'ਤੇ ਮੌਤ ਦਾ ਫਰਿਸ਼ਤਾ ਬਣਕੇ ਪਏ ਹੋਏ ਹਨ | ਇਸ ਸਬੰਧੀ ਸਮਾਜ ਸੇਵੀ ਨੌਜਵਾਨ ਰਾਜਵਿੰਦਰ ਸਿੰਘ ਢਿੱਲੋਂ ਨੇ ਸ਼ੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਸ ਰਸਤੇ ਲੰਘਣ ਵਾਲੇ ਰਾਹਗੀਰਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਰਾਤ ਬਰਾਤੇ ਇੱਥੋਂ ਬੜੇ ਧਿਆਨ ਨਾਲ ਤੇ ਘੱਟ ਰਫ਼ਤਾਰ ਨਾਲ ਵਹੀਕਲ ਚਲਾਕੇ ਲੰਘਣ ਰੱਬ ਨਾ ਕਰੇ ਕਿ ਮਾੜੀ ਜਿਹੀ ਬੇਧਿਆਨੀ ਕਿਸੇ ਦੇ ਹਾਦਸੇ ਦਾ ਕਾਰਨ ਨਾ ਬਣ ਜਾਵੇ | ਜਦੋਂ ਕੋਈ ਅਣਸੁਖਾਵੀਂ ਘਟਨਾਂ ਵਾਪਰ ਜਾਂਦੀ ਹੈ ਤਾਂ ਫਿਰ ਪ੍ਰਸ਼ਾਸਨ ਵੀ ਹਰਕਤ ਵਿਚ ਆ ਜਾਂਦਾ ਹੈ ਪਰ ਹੁਣ ਕੋਈ ਵੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ |