ਮਲੋਟ, 16 ਅਕਤੂਬਰ (ਪਾਟਿਲ)-ਪੰਜਾਬ ਸਰਕਾਰ ਦੁਆਰਾ ਸਥਾਪਤ ਸੰਸਥਾ ਮਿਮਿਟ ਮਲੋਟ ਵਿਖੇ ਵਿਦਿਆਰਥੀਆਂ ਨੂੰ ਦਾਖ਼ਲਾ ਲੈਣ ਲਈ ਇਕ ਹੋਰ ਮੌਕਾ ਮਿਲ ਗਿਆ ਹੈ | ਇਸ ਬਾਰੇ ਮਿਮਿਟ ਮਲੋਟ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਨਵੀਂ ਦਿੱਲੀ ਵਲੋਂ ਮਿਲੀਆਂ ਹਦਾਇਤਾਂ ਅਨੁਸਾਰ ਹੁਣ ਦਾਖ਼ਲਿਆਂ ਦੀ ਮਿਤੀ ਵਿਚ ਵਾਧਾ ਕਰ ਦਿੱਤਾ ਗਿਆ ਹੈ | ਇਹ ਦਾਖ਼ਲੇ ਪਹਿਲਾਂ 15 ਸਤੰਬਰ ਤੱਕ ਹੋ ਸਕਦੇ ਸਨ, ਪਰ ਹੁਣ ਨਵੇਂ ਆਦੇਸ਼ਾਂ ਅਨੁਸਾਰ ਇਨ੍ਹਾਂ ਦਾ ਸੰਸਥਾ ਵਿਚ ਚੱਲ ਰਹੇ ਵੱਖ-ਵੱਖ ਕੋਰਸਾਂ ਵਿਚ ਦਾਖ਼ਲਿਆਂ ਦੀ ਅੰਤਿਮ ਤਾਰੀਕ 30 ਅਕਤੂਬਰ ਕਰ ਦਿੱਤੀ ਗਈ ਹੈ | ਡਾ. ਭੁੱਲਰ ਨੇ ਕਿਹਾ ਕਿ ਹੁਣ ਉਨ੍ਹਾਂ ਵਿਦਿਆਰਥੀਆਂ ਲਈ ਸੁਨਹਿਰੀ ਮੌਕਾ ਹੈ, ਜੋ ਕਿਸੇ ਕਾਰਨ ਕਰਕੇ ਦਾਖ਼ਲਾ ਲੈਣ ਤੋਂ ਖੁੰਝ ਗਏ ਸਨ ਉਹ ਇਕ ਵਾਰ ਆ ਕੇ ਸੰਸਥਾ ਵਿਖੇ ਮਿਲ ਸਕਦੇ ਹਨ | ਡਾ. ਭੁੱਲਰ ਨੇ ਦੱਸਿਆ ਕਿ ਵੱਖ-ਵੱਖ ਕੋਰਸਾਂ ਵਿਚ ਵਿਦਿਆਰਥੀਆਂ ਦਾ ਰੁਝਾਨ ਦਾਖ਼ਲਿਆਂ ਪ੍ਰਤੀ ਬਹੁਤ ਜ਼ਿਆਦਾ ਰਿਹਾ ਹੈ, ਪਰ ਫ਼ਿਰ ਵੀ ਕੁਝ ਕੋਰਸਾਂ ਵਿਚ ਕੁਝ ਸੀਟਾਂ ਬਾਕੀ ਹਨ |