ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਮਾਰਕੀਟ ਕਮੇਟੀ ਨਿਹਾਲ ਸਿੰਘ ਵਾਲਾ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਬਰਿੰਦਰ ਕੁਮਾਰ ਮਧੇਕੇ ਵਲੋਂ ਚਾਰ ਪਿੰਡਾਂ ਪੱਤੋ ਹੀਰਾ ਸਿੰਘ ਅਤੇ ਮਾਣੂੰਕੇ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਕਰਾਉਣ ਵੇਲੇ ਪੱਤਰਕਾਰਾਂ ਨਾਲ ਦੌਰਾ ਕੀਤਾ | ਉਪਰੋਕਤ ਪਿੰਡਾਂ ਦੀਆਂ ਮੰਡੀਆਂ ਵਿਚ ਬੋਲੀ ਲਾਉਣ ਤੋਂ ਬਾਅਦ ਚੇਅਰਮੈਨ ਮਧੇਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਹਲਕੇ ਦੀਆਂ ਸਾਰੀਆਂ ਮੰਡੀਆਂ ਵਿਚ ਕਿਸਾਨਾਂ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਕੇ ਜਿਵੇਂ ਜਿਵੇਂ ਝੋਨੇ ਦੀ ਆਮਦ ਹੋ ਰਹੀ ਹੈ ਉਵੇਂ-ਉਵੇਂ ਮੰਡੀਆਂ ਵਿਚ ਖ਼ਰੀਦ ਸ਼ੁਰੂ ਕਰਵਾਈ ਜਾ ਰਹੀ ਹੈ | ਉਨ੍ਹਾਂ ਇਸ ਗੱਲ 'ਤੇ ਖ਼ੁਸ਼ੀ ਅਤੇ ਤਸੱਲੀ ਪ੍ਰਗਟ ਕੀਤੀ ਕਿ ਅੱਜ ਅਸੀਂ ਜਿੰਨੀਆਂ ਵੀ ਢੇਰੀਆਂ ਦੀ ਬੋਲੀ ਲਾਈ ਹੈ, ਉਨ੍ਹਾਂ ਵਿਚ ਨਮੀ ਦੀ ਮਾਤਰਾ 17 ਜਾਂ ਇਸ ਤੋਂ ਥੱਲੇ ਆਈ ਹੈ ਜਿਸ ਨਾਲ ਕਿਸਾਨਾਂ ਨੂੰ ਜ਼ਿਆਦਾ ਸਮਾਂ ਮੰਡੀਆਂ ਵਿਚ ਨਹੀਂ ਬੈਠਣਾ ਪਵੇਗਾ | ਨਾਲ ਦੀ ਨਾਲ ਉਨ੍ਹਾਂ ਦਾ ਝੋਨਾ ਤੁਲੇਗਾ ਅਤੇ 24 ਘੰਟਿਆਂ ਵਿਚ ਪੇਮੈਂਟ ਵੀ ਉਨ੍ਹਾਂ ਦੇ ਖਾਤਿਆਂ ਵਿਚ ਆ ਜਾਵੇਗੀ | ਇਸ ਸਮੇਂ ਉਨ੍ਹਾਂ ਨਾਲ ਜ਼ਿਲ੍ਹਾ ਮੀਡੀਆ ਸੈਕਟਰੀ ਅੰਮਿ੍ਤਪਾਲ ਸਿੰਘ ਖ਼ਾਲਸਾ, ਮਨਦੀਪ ਸਿੰਘ ਮਾਣੂੰਕੇ ਪ੍ਰਧਾਨ ਟਰੱਕ ਯੂਨੀਅਨ, ਅਮਰਜੀਤ ਸਿੰਘ ਮਾਣੂੰਕੇ, ਸਰਪੰਚ ਨਿਰਮਲ ਸਿੰਘ ਮਾਣੂੰਕੇ, ਗੁਰਜੰਟ ਸਿੰਘ ਮਾਣੂੰਕੇ ਯੂਥ ਆਗੂ, ਕੁਲਵੰਤ ਸਿੰਘ ਗਰੇਵਾਲ, ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ, ਅਰਵਿੰਦ ਪੱਤੋ, ਗੁਰਵਿੰਦਰ ਸਿੰਘ, ਜੈਦੀਪ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਮੈਂਬਰ ਅਤੇ ਕਿਸਾਨ ਹਾਜ਼ਰ ਸਨ |