ਮੋਗਾ, 17 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅਜੇ ਗਾਂਧੀ ਐਸ.ਐਸ.ਪੀ. ਮੋਗਾ ਦੀ ਯੋਗ ਅਗਵਾਈ ਹੇਠ ਮੋਗਾ ਪੁਲਿਸ ਵਲੋਂ ਸਮਾਜ ਦੇ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ | ਇਸ ਦੇ ਤਹਿਤ ਪਿਛਲੇ ਕੁਝ ਸਮੇਂ ਤੋਂ ਆਮ ਜਨਤਾ ਵਲੋਂ ਆਪਣੇ ਮੋਬਾਈਲ ਫੋਨਾਂ ਸਬੰਧੀ ਆਨਲਾਈਨ ਦਰਖ਼ਾਸਤਾਂ ਅੱਪਲੋਡ ਕੀਤੀਆਂ ਗਈਆਂ ਸਨ | ਇਨ੍ਹਾਂ ਦਰਖ਼ਾਸਤਾਂ 'ਤੇ ਕਾਰਵਾਈ ਕਰਦੇ ਹੋਏ ਮੋਗਾ ਪੁਲਿਸ ਵਲੋਂ ਗੁੰਮ ਹੋਏ 250 ਮੋਬਾਈਲ ਫੋਨਾਂ ਦੀ ਜਾਣਕਾਰੀ ਮਿਲਣ 'ਤੇ ਇਨ੍ਹਾਂ ਫੋਨਾਂ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਅਤੇ ਪੰਜਾਬ ਤੋਂ ਬਾਹਰ ਤੋਂ ਵਾਪਸ ਲਿਆਂਦੇ ਗਏ | ਅੱਜ ਮੋਗਾ ਪੁਲਿਸ ਦੁਆਰਾ ਇਨ੍ਹਾਂ ਗੁੰਮ ਹੋਏ ਮੋਬਾਈਲਾਂ ਦੇ ਅਸਲ ਵਾਰਿਸਾਂ ਨੂੰ ਬੁਲਾ ਕੇ ਇਹ ਮੋਬਾਈਲ ਫ਼ੋਨ ਵਾਪਸ ਕੀਤੇ ਗਏ | ਮੋਗਾ ਪੁਲਿਸ ਵਲੋਂ ਕੀਤੇ ਗਏ ਇਸ ਮੋਬਾਈਲ ਵੰਡ ਸਮਾਗਮ ਦੀ ਜਿੱਥੇ ਮੋਬਾਈਲ ਹਾਸਲ ਕਰਨ ਵਾਲੇ ਲੋਕਾਂ ਨੇ ਤਾਰੀਫ਼ ਕੀਤੀ ਉੱਥੇ ਹੀ ਆਮ ਲੋਕਾਂ ਨੇ ਵੀ ਇਸ ਕੰਮ ਲਈ ਮੋਗਾ ਪੁਲਿਸ ਦੀ ਵਿਸ਼ੇਸ਼ ਸ਼ਲਾਘਾ ਕੀਤੀ | ਮੋਗਾ ਪੁਲਿਸ ਵਲੋਂ ਅੱਜ ਤੱਕ ਲਗ-ਪਗ 1000 ਗੁੰਮ/ਚੋਰੀ ਹੋਏ ਮੋਬਾਈਲ ਫ਼ੋਨ ਟਰੇਸ ਕਰ ਕੇ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਵਾਪਸ ਕਰਵਾਏ ਗਏ ਹਨ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਵਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਪਾਸੋਂ ਮੋਬਾਈਲ ਫ਼ੋਨ ਖ਼ਰੀਦ ਕਰਨ ਤੋਂ ਪਹਿਲਾਂ ਉਸ ਦੀ ਪੂਰੀ ਜਾਣਕਾਰੀ ਹਾਸਲ ਕਰ ਲਓ ਅਤੇ ਕਿਸੇ ਸ਼ੱਕੀ ਜਾਂ ਅਣਜਾਣ ਵਿਅਕਤੀ ਪਾਸੋਂ ਕਿਸੇ ਦਸਤਾਵੇਜ਼ ਤੋਂ ਬਿਨਾਂ ਮੋਬਾਈਲ ਫ਼ੋਨ ਦੀ ਖ਼ਰੀਦ ਨਾ ਕਰੋ | ਜੇਕਰ ਕਿਤੇ ਵੀ ਤੁਹਾਨੂੰ ਲਾਵਾਰਸ ਪਿਆ ਫ਼ੋਨ ਮਿਲਦਾ ਹੈ ਤਾਂ ਇਸ ਮੋਬਾਈਲ ਫ਼ੋਨ ਨੂੰ ਉਸ ਦੇ ਅਸਲ ਮਾਲਕ ਜਾਂ ਤੁਹਾਡੇ ਨਜ਼ਦੀਕ ਪੈਂਦੇ ਪੁਲਿਸ ਸਟੇਸ਼ਨ ਵਿਚ ਜਮਾਂ ਕਰਵਾਇਆ ਜਾਵੇ ਤਾਂ ਜੋ ਇਸ ਦੀ ਕਿਸੇ ਕਿਸਮ ਦੀ ਦੁਰਵਰਤੋਂ ਨਾ ਹੋ ਸਕੇ |