ਜੈਤੋ, 23 ਅਕਤੂਬਰ (ਗੁਰਮੀਤਪਾਲ ਰੋੜੀਕਪੂਰਾ)-ਸਿੱਖਿਆ ਦੇ ਖੇਤਰ 'ਚ ਗੁਣਵੱਤਾ ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਸਰਕਾਰ ਵਲੋਂ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਜੈਤੋ ਹਲਕੇ ਦੇ ਕਈ ਨਿੱਜੀ ਸਕੂਲ ਅਜਿਹੀਆਂ ਬੁਨਿਆਦੀ ਸ਼ਰਤਾਂ ਪੂਰੀਆਂ ਕਰਨ 'ਚ ਵੀ ਅਸਮਰਥ ਦਿੱਖ ਰਹੇ ਹਨ | ਸਿੱਖਿਆ ਵਿਭਾਗ ਦੀਆਂ ਗਾਈਡ ਲਾਈਨਾਂ ਦੇ ਉਲਟ, ਬਹੁਤੇ ਸਕੂਲ ਬਿਨਾਂ ਪੂਰੀਆਂ ਸਹੂਲਤਾਂ ਤੋਂ ਵਾਂਝੇ ਚੱਲ ਰਹੇ ਹਨ | ਸਰਕਾਰੀ ਨਿਯਮਾਂ ਅਨੁਸਾਰ ਹਰ ਨਿੱਜੀ ਸਕੂਲ ਨੂੰ ਰਜਿਸਟਰੇਸ਼ਨ ਲਈ ਨਿਰਧਾਰਤ ਇਮਾਰਤ, ਖੁੱਲ੍ਹਾ ਮੈਦਾਨ, ਵਿਦਿਆਰਥੀ ਅਨੁਪਾਤ ਅਨੁਸਾਰ ਅਧਿਆਪਕ, ਸਾਇੰਸ ਤੇ ਕੰਪਿਊਟਰ ਲੈਬ, ਸਾਫ਼ ਪੀਣ ਵਾਲਾ ਪਾਣੀ ਅਤੇ ਸੁਰੱਖਿਆ ਪ੍ਰਬੰਧ ਰੱਖਣਾ ਲਾਜ਼ਮੀ ਹੈ ਪਰ ਹਕੀਕਤ ਇਹ ਹੈ ਕਿ ਜੈਤੋ ਅਤੇ ਆਲੇ ਦੁਆਲੇ ਦੇ ਕਈ ਸਕੂਲਾਂ 'ਚ ਇਨ੍ਹਾਂ ਮਿਆਰਾਂ ਦੀ ਪਾਲਣਾ ਨਾਮਾਤਰ ਹੈ | ਜਿੱਥੇ ਨਾ ਖੇਡਾਂ ਲਈ ਥਾਂ ਹੈ ਤੇ ਨਾ ਹੀ ਵਿਦਿਆਰਥੀਆਂ ਲਈ ਸਹੂਲਤ | ਨਾਂਅ ਨਾ ਛਾਪਣ ਦੀ ਸ਼ਰਤ 'ਤੇ ਇਕ ਮਾਪੇ ਨੇ ਦੱਸਿਆ ਕਿ ਸਾਡੀ ਮਜਬੂਰੀ ਹੈ ਕਿ ਬੱਚੇ ਨੂੰ ਨੇੜੇ ਹੀ ਸਕੂਲ ਭੇਜੀਏ, ਪਰ ਬਹੁਤੇ ਸਕੂਲਾਂ 'ਚ ਨਾ ਪਖਾਣੇ ਢੰਗ ਦੇ ਹਨ ਤੇ ਨਾ ਹੀ ਸੁਰੱਖਿਆ ਪ੍ਰਬੰਧ | ਫ਼ੀਸ ਵੱਡੀ ਲੈਂਦੇ ਹਨ ਪਰ ਸਹੂਲਤਾਂ ਬਿਲਕੁਲ ਨਿੱਕੀਆਂ | ਸਿੱਖਿਆ ਵਿਭਾਗ ਦੇ ਨਿਯਮਾਂ ਅਨੁਸਾਰ ਸਕੂਲਾਂ ਨੂੰ ਹਰ ਸਾਲ ਆਪਣੀ ਰੀਨਿਊਅਲ ਰਿਪੋਰਟ ਪੇਸ਼ ਕਰਨੀ ਲੋੜੀਂਦੀ ਹੈ, ਜਿਸ ਵਿਚ ਸਟਾਫ਼ ਦੇ ਯੋਗਤਾ ਪ੍ਰਮਾਣ ਪੱਤਰ, ਇਮਾਰਤ ਦੀ ਤਸਦੀਕ, ਫ਼ਾਇਰ ਸੇਫ਼ਟੀ ਸਰਟੀਫਿਕੇਟ ਅਤੇ ਸਿਹਤ ਵਿਭਾਗ ਦੀ ਰਿਪੋਰਟ ਸ਼ਾਮਿਲ ਹੁੰਦੀ ਹੈ | ਇਸਦੇ ਬਾਵਜੂਦ ਸਿੱਖਿਆ ਵਿਭਾਗ ਵਲੋਂ ਉਨ੍ਹਾਂ 'ਤੇ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ | ਇਕ ਸਥਾਨਕ ਸਿੱਖਿਆ ਪ੍ਰੇਮੀ ਨੇ ਕਿਹਾ ਕਿ ਇਹ ਗੰਭੀਰ ਮਾਮਲਾ ਹੈ | ਜਦੋਂ ਸਕੂਲ ਨਿਯਮਾਂ ਦੀ ਉਲੰਘਣਾ ਕਰਦੇ ਹਨ ਤਾਂ ਇਸ ਦਾ ਸਿੱਧਾ ਅਸਰ ਬੱਚਿਆਂ ਦੀ ਸਿੱਖਿਆ ਤੇ ਸੁਰੱਖਿਆ 'ਤੇ ਪੈਂਦਾ ਹੈ | ਵਿਭਾਗ ਨੂੰ ਚਾਹੀਦਾ ਹੈ ਕਿ ਅਜਿਹੇ ਸਕੂਲਾਂ ਦੀ ਜਾਂਚ ਕਰਕੇ ਉਨ੍ਹਾਂ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇ | ਦੂਜੇ ਪਾਸੇ ਕਈ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਬਹੁਤ ਸਖ਼ਤ ਨਿਯਮ ਬਣਾਏ ਗਏ ਹਨ, ਜਿਨ੍ਹਾਂ ਨੂੰ ਛੋਟੇ ਪੱਧਰ ਦੇ ਸਕੂਲਾਂ ਨੂੰ ਪੂਰਾ ਕਰਨਾ ਆਸਾਨ ਨਹੀਂ | ਫ਼ਾਇਰ ਸੇਫ਼ਟੀ, ਮੈਦਾਨ, ਲੈਬਾਂ ਤੇ ਹੋਰ ਸਹੂਲਤਾਂ ਲਈ ਖਰਚ ਬਹੁਤ ਵਧ ਗਿਆ ਹੈ | ਸਰਕਾਰ ਨੂੰ ਛੋਟੇ ਸਕੂਲਾਂ ਲਈ ਕੁਝ ਰਾਹਤ ਦੇਣੀ ਚਾਹੀਦੀ ਹੈ | ਇਕ ਨਿੱਜੀ ਸਕੂਲ ਦੇ ਪਿ੍ੰਸੀਪਲ ਨੇ ਕਿਹਾ ਸਥਾਨਕ ਲੋਕਾਂ ਦਾ ਮੰਨਣਾ ਹੈ ਕਿ ਦੋਸ਼ ਕਿਸੇ ਇਕ ਪੱਖ 'ਤੇ ਨਹੀਂ, ਸਗੋਂ ਦੋਵਾਂ ਪਾਸਿਆਂ 'ਤੇ ਹੈ | ਜਿੱਥੇ ਸਕੂਲ ਪ੍ਰਬੰਧਕਾਂ ਨੂੰ ਗੁਣਵੱਤਾ ਬਹਾਲ ਰੱਖਣ ਲਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਉਥੇ ਸਿੱਖਿਆ ਵਿਭਾਗ ਨੂੰ ਵੀ ਨਿਰੰਤਰ ਨਿਗਰਾਨੀ ਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣੀ ਚਾਹੀਦੀ ਹੈ | ਮਾਪਿਆਂ ਨੇ ਮੰਗ ਕੀਤੀ ਹੈ ਕਿ ਵਿਭਾਗ ਜਨਤਾ ਲਈ ਸਕੂਲਾਂ ਦੀ ਰਿਪੋਰਟ ਪਬਲਿਕ ਕਰੇ ਤਾਂ ਜੋ ਲੋਕ ਜਾਣ ਸਕਣ ਕਿ ਕਿਹੜੇ ਸਕੂਲ ਮਿਆਰ ਪੂਰੇ ਕਰ ਰਹੇ ਹਨ ਅਤੇ ਕਿਹੜੇ ਨਹੀਂ | ਇਸ ਨਾਲ ਨਾ ਸਿਰਫ਼ ਪਾਰਦਰਸ਼ੀਤਾ ਵਧੇਗੀ, ਸਗੋਂ ਸਕੂਲਾਂ ਵਿਚ ਮੁਕਾਬਲੇ ਦੀ ਭਾਵਨਾ ਵੀ ਜਾਵੇਗੀ | ਜੇਕਰ ਪ੍ਰਸ਼ਾਸਨ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਾ ਲਿਆ ਗਿਆ ਤਾਂ ਇਹ ਸਿੱਖਿਆ ਦੇ ਮਿਆਰ ਲਈ ਖਤਰਾ ਬਣ ਸਕਦਾ ਹੈ | ਬੱਚਿਆਂ ਦਾ ਭਵਿੱਖ ਨਿਯਮਾਂ ਦੀ ਉਲੰਘਣਾ ਦਾ ਸ਼ਿਕਾਰ ਹੋ ਸਕਦਾ ਹੈ | ਹੁਣ ਸਾਰੀਆਂ ਨਿਗਾਹਾਂ ਸਿੱਖਿਆ ਵਿਭਾਗ 'ਤੇ ਹਨ ਕਿ ਉਹ ਜੈਤੋ ਦੇ ਅਜਿਹੇ ਸਕੂਲਾਂ ਖ਼ਿਲਾਫ਼ ਕਦੋਂ ਤੇ ਕਿੰਨੀ ਸਖ਼ਤ ਕਾਰਵਾਈ ਕਰਦਾ ਹੈ |