ਸ੍ਰੀ ਮੁਕਤਸਰ ਸਾਹਿਬ, 23 ਅਕਤੂਬਰ (ਹਰਮਹਿੰਦਰ ਪਾਲ)-ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ 'ਚ ਜ਼ਿਲ੍ਹਾ ਪ੍ਰਧਾਨ ਰਮਨਜੀਤ ਕੌਰ ਦੀ ਅਗਵਾਈ ਹੇਠ ਮਿਡ-ਡੇ-ਮੀਲ ਵਰਕਰਾਂ ਨੇ ਮੀਟਿੰਗ ਕੀਤੀ, ਜਿਸ ਵਿਚ 8 ਨਵੰਬਰ ਨੂੰ ਤਰਨਤਾਰਨ ਵਿਖੇ ਹੋਣ ਵਾਲੀ ਸੂਬਾ ਪੱਧਰੀ ਰੈਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ | ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਰਾਜਵਿੰਦਰ ਕੌਰ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮਿਡ-ਡੇ-ਮੀਲ ਵਰਕਰਾਂ ਨਾਲ ਮਾਣਭੱਤਾ ਦੁੱਗਣਾ ਕਰਨ ਦਾ ਵਾਅਦਾ ਕੀਤਾ ਗਿਆ ਸੀ, ਪਰ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਮਿਡ-ਡੇ-ਮੀਲ ਵਰਕਰਾਂ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ 'ਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ | ਆਗੂਆਂ ਨੇ ਦੱਸਿਆ ਕਿ ਮਿਡ-ਡੇ-ਮੀਲ ਦੇ ਛਾਂਟੀ ਕੀਤੇ ਗਏ ਵਰਕਰ ਬਹਾਲ ਕੀਤੇ ਜਾਣ, ਵਰਕਰ ਦੀ ਮੌਤ ਹੋਣ 'ਤੇ ਉਸ ਦੇ ਪਰਿਵਾਰ ਮੈਂਬਰ ਨੂੰ ਹੀ ਨੌਕਰੀ ਲਈ ਪਹਿਲ ਦਿੱਤੇ ਜਾਣ, ਵਰਕਰਾਂ ਨੂੰ ਈ.ਐੱਸ.ਆਈ. ਸਹੂਲਤ ਦਿੱਤੀ ਦਿੱਤੇ ਜਾਣ ਤੇ ਈ.ਪੀ.ਐੱਫ਼. ਕੱਟੇ ਜਾਣ, ਵਰਕਰਾਂ ਨੂੰ ਗਰਮ ਤੇ ਠੰਡੀ ਵਰਦੀ ਦਿੱਤੀ ਜਾਵੇ, ਅੱਠਵੀਂ ਪਾਸ ਵਰਕਰਾਂ ਨੂੰ ਦਰਜਾ-4 ਕਰਮਚਾਰੀਆਂ ਦੀਆਂ ਖ਼ਾਲੀ ਪਈਆਂ ਪੋਸਟਾਂ 'ਤੇ ਨਿਯੁਕਤ ਕੀਤਾ ਜਾਵੇ, ਵਰਕਰਾਂ ਕੋਲੋਂ ਖਾਣਾ ਬਣਾਉਣ ਤੋਂ ਬਗੈਰ ਹੋਰ ਕੰਮ ਲੈਣੇ ਬੰਦ ਕੀਤੇ ਜਾਣ | ਇਸ ਮੌਕੇ ਨਸੀਬ ਕੌਰ, ਕਿ੍ਸ਼ਨਾ ਦੇਵੀ, ਰੇਖਾ ਰਾਣੀ, ਅਮਨਦੀਪ ਕੌਰ, ਹਰਪ੍ਰੀਤ ਕੌਰ, ਹਰਪਾਲ ਕੌਰ, ਰਜਨੀ ਰਾਣੀ, ਸੀਮਾ ਰਾਣੀ, ਸਤੀਸ਼ ਰਾਣੀ, ਰਮਨਦੀਪ ਕੌਰ, ਹਰਮੀਤ ਕੌਰ, ਪਾਲ ਕੌਰ, ਮਨਜੀਤ ਕੌਰ, ਸੀਮਾ ਰਾਣੀ, ਮਨਪ੍ਰੀਤ ਕੌਰ ਨੇ ਐਲਾਨ ਕੀਤਾ ਕਿ ਇਨ੍ਹਾਂ ਮੰਗਾਂ ਨੂੰ ਸਰਕਾਰ ਨੂੰ ਫ਼ਿਰ ਤੋਂ ਚੇਤੇ ਕਰਵਾਉਣ ਲਈ 8 ਨਵੰਬਰ ਨੂੰ ਤਰਨਤਾਰਨ ਵਿਖੇ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਵਿਚ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ |