ਸ੍ਰੀ ਮੁਕਤਸਰ ਸਾਹਿਬ, 20 ਨਵੰਬਰ (ਰਣਜੀਤ ਸਿੰਘ ਢਿੱਲੋਂ)-ਪਾਵਰ ਸਲੈਪ ਵਿਚ ਇੰਡੀਅਨ ਚੈਂਪੀਅਨ ਬਣ ਕੇ ਦੁਨੀਆਂ 'ਚ ਨਾਂਅ ਚਮਕਾਉਣ ਵਾਲੇ ਜੁਝਾਰ ਸਿੰਘ ਢਿੱਲੋਂ ਉਰਫ ਜੁਝਾਰ ਸਿੰਘ ਟਾਈਗਰ ਵਾਸੀ ਚਮਕੌਰ ਸਾਹਿਬ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬੁਰਾਈਆਂ ਤੋਂ ਬਚ ਕੇ ਖੇਡਾਂ ਨਾਲ ਜੁੜਨ ਦੀ ਲੋੜ ਹੈ | ਨੌਜਵਾਨ ਲੜਕੇ ਤੇ ਲੜਕੀਆਂ ਨੂੰ ਮਾਰਸ਼ਲ ਆਰਟ ਨਾਲ ਜੁੜਨਾ ਚਾਹੀਦਾ ਹੈ | ਇੱਥੇ ਪਹੁੰਚਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫ਼ੱਤਣਵਾਲਾ, ਸ਼ੂਗਰ ਮਿਲ ਫ਼ਰੀਦਕੋਟ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਫੱਤਣਵਾਲਾ ਤੇ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਜੈ ਰਾਜ ਸਿੰਘ ਬਰਾੜ ਵਲੋਂ ਜੁਝਾਰ ਸਿੰਘ ਦਾ ਸਵਾਗਤ ਕੀਤਾ ਗਿਆ ਅਤੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਜੁਝਾਰ ਸਿੰਘ ਨੇ ਕਿਹਾ ਕਿ 40 ਮੁਕਤਿਆਂ ਦੀ ਪਾਵਨ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ | ਉਨ੍ਹਾਂ ਆਪਣੀ ਖੇਡ ਦੇ ਤਜਰਬੇ ਪੱਤਰਕਾਰਾਂ ਨਾਲ ਸਾਂਝੇ ਕਰਦਿਆਂ ਦੱਸਿਆ ਕਿ ਉਸ ਦੇ ਦਾਦਾ ਭਲਵਾਨੀ ਤੋਂ ਬਾਅਦ ਫੌਜ ਵਿਚ ਭਰਤੀ ਹੋਏ ਅਤੇ ਪਿਤਾ ਵੀ ਭਲਵਾਨੀ ਕਰਨ ਦੇ ਨਾਲ ਨਾਲ ਕਬੱਡੀ ਦੇ ਖਿਡਾਰੀ ਸਨ | ਵਿਰਾਸਤ ਵਿਚੋਂ ਉਸ ਨੂੰ ਵੀ ਭਲਵਾਨੀ ਦਾ ਸ਼ੌਂਕ ਜਾਗਿਆ ਤੇ ਪਹਿਲਵਾਨ ਜੁਝਾਰ ਸਿੰਘ ਟਾਈਗਰ ਦੇ ਨਾਂਅ ਨਾਲ ਪ੍ਰਸਿੱਧੀ ਮਿਲੀ ਅਤੇ ਹੁਣ ਫਾਈਟਿੰਗ ਗੇਮ ਵਿਚ ਕੇਸ ਅਤੇ ਦਾੜ੍ਹੀ ਰੱਖ ਕੇ ਖੇਡਣ ਦੀ ਇਜਾਜ਼ਤ ਮਿਲੀ ਅਤੇ ਵਾਹਿਗੁਰੂ ਦੀ ਕਿਰਪਾ ਹੋਈ ਕੇ ਦੁਨੀਆਂ ਦੀ ਸਭ ਤੋਂ ਮਹਿੰਗੀ ਅਤੇ ਪ੍ਰਮੋਸ਼ਨ ਖੇਡ ਪਾਵਰ ਸਲੈਪ ਵਿਚ ਖੇਡਣ ਦਾ ਮੌਕਾ ਮਿਲਿਆ ਤੇ ਜਿੱਤ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ | ਸਿੱਖੀ ਸਰੂਪ ਵਿਚ ਮੈਨੂੰ ਇਹ ਜਿੱਤ ਮਿਲਣ ਮਗਰੋਂ ਦੁਨੀਆਂ ਭਰ ਵਿੱਚ ਸਤਿਕਾਰ ਮਿਲਿਆ | ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਧਰਤੀ 'ਤੇ ਪਾਵਰ ਸਲੈਪ ਦੀ ਸਿਖਲਾਈ ਲਈ ਅਕੈਡਮੀ ਖੋਲ੍ਹਣਗੇ | ਇਸ ਤੋਂ ਪਹਿਲਾਂ ਇਸ ਖੇਡ ਦੀ ਕੋਈ ਅਕੈਡਮੀ ਨਹੀਂ ਹੈ ਬਲਕਿ ਐਮ.ਐਮ.ਏ. ਦੀ ਅੰਮਿ੍ਤਸਰ ਵਿਖੇ ਅਕੈਡਮੀ ਹੈ | ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਿਆਣਿਆਂ ਨੂੰ ਸੰਭਾਲਣ ਅਤੇ 18 ਸਾਲ ਤੋਂ ਘੱਟ ਮੋਟਰਸਾਈਕਲ ਨਾ ਲੈ ਕੇ ਦੇਣ ਅਤੇ ਮੋਬਾਇਲ ਦੀ ਵਰਤੋਂ ਵੀ ਸੀਮਤ ਕੀਤੀ ਜਾਵੇ | ਇਸ ਮੌਕੇ ਜੁਝਾਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵਲੋਂ ਜੈ ਰਾਜ ਸਿੰਘ ਬਰਾੜ ਅਤੇ ਹਨੀ ਫੱਤਣਵਾਲਾ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਜਸ਼ਨਦੀਪ ਸਿੰਘ ਫਤਿਹਗੜ੍ਹ ਸਾਹਿਬ, ਮਨਦੀਪ ਸਿੰਘ ਫਤਿਹਗੜ੍ਹ ਸਾਹਿਬ ਅਤੇ ਅੰਮਿ੍ਤਪਾਲ ਸਿੰਘ ਚਮਕੌਰ ਸਾਹਿਬ ਵੀ ਹਾਜ਼ਰ ਸਨ |