ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਦੀ ਪੁਰਾਣੀ ਜੇਲ੍ਹ ਰੋਡ 'ਤੇ ਇਕ ਹੈਂਡਲੂਮ ਦੀ ਦੁਕਾਨ 'ਤੇ ਕੰਮ ਕਰਨ ਵਾਲੇ 23 ਸਾਲਾ ਨੌਜਵਾਨ ਵਲੋਂ ਦੁਕਾਨ ਦੀ ਪਹਿਲੀ ਮੰਜ਼ਿਲ 'ਤੇ ਗਲੇ 'ਚ ਫ਼ਾਹਾ ਲੈ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਦੁਕਾਨਦਾਰ ਦੇ ਦੱਸਣ ਮੁਤਾਬਿਕ ਉਸ ਦੀ ਦੁਕਾਨ 'ਚ ਕੰਮ ਕਰਨ ਵਾਲੇ 23 ਸਾਲ ਦੇ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆ ਕੇ ਦੁਕਾਨ 'ਤੇ ਕੰਮ ਸ਼ੁਰੂ ਕੀਤਾ ਸੀ ਤੇ ਸਮਾਨ ਦੀ ਗੱਡੀ ਆਉਣ ਤੋਂ ਬਾਅਦ ਉਸ ਵਲੋਂ ਸਮਾਨ ਉਤਾਰ ਕੇ ਪਹਿਲੀ ਮੰਜ਼ਿਲ 'ਤੇ ਉਸ ਨੂੰ ਸੈਟ ਕਰਨ ਲਈ ਉੱਪਰ ਗਿਆ ਸੀ | ਉਸ ਨੇ ਦੱਸਿਆ ਕਿ ਉਸ ਦੀ ਦੋ ਵਾਰ ਫੋਨ 'ਤੇ ਗੱਲ ਹੋਈ ਸੀ ਪਰ ਜਦੋਂ ਤੀਸਰੀ ਵਾਰ ਕਿਸੇ ਕੰਮ ਲਈ ਉਸ ਨੂੰ ਫ਼ੋਨ ਕੀਤਾ ਤਾਂ ਅੱਗੋਂ ਉਸ ਵਲੋਂ ਫ਼ੋਨ ਨਹੀਂ ਚੱਕਿਆ ਗਿਆ | ਜਦੋਂ ਦੁਕਾਨ ਦੇ ਪਹਿਲੀ ਮੰਜ਼ਿਲ 'ਤੇ ਜਾ ਕੇ ਦੇਖਿਆ ਤਾਂ ਉਸ ਵਲੋਂ ਫ਼ਾਹਾ ਲੈ ਕੇ ਖੁਦਕੁਸ਼ੀ ਕੀਤੀ ਹੋਈ ਸੀ | ਜਿਸ ਦੀ ਤੁਰੰਤ ਸੂਚਨਾ ਉਸ ਨੇ ਪੁਲਿਸ ਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਦਿੱਤੀ | ਪੁਲਿਸ ਵਲੋਂ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਥੱਲੇ ਉਤਾਰਿਆ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ | ਇਸ ਮੌਕੇ ਅੰਬੇਦਕਰ ਨਗਰ ਦੇ ਨਗਰ ਕੌਂਸਲਰ ਰਣਜੀਤ ਸਿੰਘ ਨੇ ਦੱਸਿਆ ਕਿ ਇਹ ਬਹੁਤ ਹੀ ਹੋਣਹਾਰ ਤੇ ਸ਼ਰੀਫ਼ ਮੁੰਡਾ ਸੀ ਜੋ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਚਲਾ ਰਿਹਾ ਸੀ ਜੋ ਦੋ ਭੈਣਾਂ ਦਾ ਇਕੱਲਾ ਭਰਾ ਸੀ |