ਫ਼ਰੀਦਕੋਟ, 25 ਨਵੰਬਰ (ਜਸਵੰਤ ਸਿੰਘ ਪੁਰਬਾ)-ਰਾਸ਼ਟਰੀ ਅਵਿਸ਼ਕਾਰ ਅਭਿਆਨ ਤਹਿਤ ਕਰਵਾਈ ਗਈ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਸਰਕਾਰੀ ਮਿਡਲ ਸਕੂਲ ਪੱਕਾ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ਹੈ | ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਦੱਸਿਆ ਕਿ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਖ਼ੁਸ਼ਕਰਨ ਸਿੰਘ ਨੇ ਵੇਸਟ ਮੈਨਜਮੈਂਟ ਐਂਡ ਅਲਟਰਨੇਟਿਵ ਟੂ ਪਲਾਸਟਿਕ ਵਿਸ਼ੇ 'ਤੇ ਸਕੂਲ ਦੇ ਸਾਇੰਸ ਅਧਿਆਪਕਾ ਜਗਦੀਪ ਕੌਰ ਦੀ ਦੇਖ-ਰੇਖ ਹੇਠ ਮਾਡਲ ਤਿਆਰ ਕੀਤਾ ਸੀ | ਜਿਸ ਨੂੰ ਬਲਾਕ ਪੱਧਰੀ ਸਾਇੰਸ ਪ੍ਰਦਰਸ਼ਨੀ 'ਚ ਪਹਿਲੇ ਸਥਾਨ 'ਤੇ ਰਿਹਾ ਸੀ | ਇਸ ਮੌਕੇ ਬਲਾਕ ਨੋਡਲ ਅਫ਼ਸਰ ਫ਼ਰੀਦਕੋਟ-3 ਪਿ੍ੰਸੀਪਲ ਰਾਜਵਿੰਦਰ ਕੌਰ ਨੇ ਜੇਤੂ ਟੀਮ ਨੂੰ ਸਨਮਾਨਿਤ ਕੀਤਾ | ਸਵੇਰ ਦੀ ਸਭਾ 'ਚ ਜੇਤੂ ਵਿਦਿਆਰਥੀ ਖੁਸ਼ਕਰਨ ਸਿੰਘ, ਹਰਮਨ ਸਿੰਘ ਤੇ ਅਕਤੂਬਰ ਮਹੀਨੇ 'ਚ ਸੱਤਵੀਂ ਜਮਾਤ ਦੇ 100 ਪ੍ਰਤੀਸ਼ਤ ਹਾਜ਼ਰੀਆਂ ਵਾਲੇ ਵਿਦਿਆਰਥੀ ਸੰਦੀਪ ਕੌਰ, ਹਾਕਮ ਸਿੰਘ ਨੂੰ ਅਧਿਆਪਕ ਸੁਦੇਸ਼ ਕੁਮਾਰ ਵਲੋਂ ਜੂਮੈਂਟਰੀ ਬਾਕਸ ਨਾਲ, ਮੁੱਖ ਮਹਿਮਾਨ ਸੇਵਾ ਮੁਕਤ ਕੈਪਟਨ ਸੁਖਮੰਦਰ ਸਿੰਘ ਸਰਾਂ ਨੇ ਸਨਮਾਨਿਤ ਕੀਤਾ | ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾ ਸਰਕਾਰੀ ਹਾਈ ਸਕੂਲ ਟਹਿਣਾ ਵਿਖੇ ਕਰਵਾਏ ਤਹਿਸੀਲ ਪੱਧਰ ਸਾਇੰਸ ਨਾਟਕ 'ਚ ਵੀ ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਿਲ ਕੀਤਾ ਹੈ | ਦੋਹਾਂ ਮੁਕਾਬਲਿਆਂ ਦੇ ਗਾਈਡ ਅਧਿਆਪਕ ਜਗਦੀਪ ਕੌਰ ਨੂੰ ਵਧਾਈ ਦਿੱਤੀ | ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ, ਮੈੱਥ ਮਿਸਟ੍ਰੈਸ ਪ੍ਰਵੀਨ ਲਤਾ, ਐਸ.ਐਸ. ਮਿਸਟ੍ਰੈਸ ਜਸਵਿੰਦਰ ਕੌਰ ਤੇ ਐਸ.ਐਸ.ਮਾਸਟਰ ਸੁਦੇਸ਼ ਸ਼ਰਮਾ ਹਾਜ਼ਰ ਸਨ |