ਸੁਬਾਸ਼ ਨਸਕਰ ਪ੍ਰਧਾਨ ਅਤੇ ਕਰਨੈਲ ਸਿੰਘ ਇਕੋਲਾਹਾ ਸਕੱਤਰ ਜਨਰਲ ਚੁਣੇ ਗਏ
<br/>
ਖੰਨਾ, 15 ਜੂਨ (ਹਰਜਿੰਦਰ ਸਿੰਘ ਲਾਲ)-ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੀ ਦੋ ਰੋਜ਼ਾ ਦੂਸਰੀ ਕੌਮਾਂਤਰੀ ਡੈਲੀਗੇਟਸ ਕਾਨਫ਼ਰੰਸ ਖੰਨਾ ਵਿਚ ਹੋਈ | ਵੱਖ ਵੱਖ ਪ੍ਰਾਂਤਾਂ ਤੋਂ ਆਏ ਕਿਸਾਨ ਤੇ ਖੇਤ ਮਜ਼ਦੂਰ ਨੁਮਾਇੰਦਿਆਂ ਨੇ ਕਿਹਾ ਕਿ ਸਚਾਈ, ਸਾਂਝ ਤੇ ਇਨਕਲਾਬੀ ਜਜ਼ਬੇ ਨਾਲ ਲਬਰੇਜ਼ ਇਸ ਕਾਨਫ਼ਰੰਸ ਨੇ ਕਿਸਾਨ ਤੇ ਮਜ਼ਦੂਰ ਏਕਤਾ ਦਾ ਨਾਅਰਾ ਬੁਲੰਦ ਕੀਤਾ ਹੈ | ਕਾਨਫ਼ਰੰਸ ਦੀ ਸ਼ੁਰੂਆਤ ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੇ ਕੌਮੀ ਪ੍ਰਧਾਨ ਸੁਭਾਸ਼ ਨਸਕਰ (ਸਾਬਕਾ ਮੰਤਰੀ) ਨੇ ਝੰਡਾ ਲਹਿਰਾ ਕੇ ਕੀਤਾ | ਉਦਘਾਟਨੀ ਭਾਸ਼ਣ ਵਿਚ ਕਾਮਰੇਡ ਮਨੋਜ ਭੱਟਾਚਾਰੀਆ ਕੌਮੀ ਜਨਰਲ ਸਕੱਤਰ, ਰੈਵੋਲਿਊਸ਼ਨਰੀ ਸੋਸ਼ਲਿਸਟ ਪਾਰਟੀ ਨੇ ਕਿਸਾਨਾਂ, ਮਜ਼ਦੂਰਾਂ, ਬੁੱਧੀਜੀਵੀ, ਵਿਦਿਆਰਥੀ, ਨੌਜਵਾਨਾਂ ਨੂੰ ਅਪੀਲ ਕੀਤੀ ਕਿ ਲੋਕਤੰਤਰ ਬਚਾਈਏ, ਸਾਂਝੀ ਲੜਾਈ ਲੜੀਏ | ਉਨ੍ਹਾਂ ਨੇ ਰਾਜਨੀਤਕ ਚੇਤਨਾ ਨੂੰ ਮਜ਼ਦੂਰ-ਕਿਸਾਨ ਅੰਦੋਲਨ ਦੀ ਰੂਹ ਦੱਸਿਆ | ਇਸ ਮੌਕੇ ਭਾਰਤੀ ਖੇਤੀ 'ਤੇ ਗਹਿਰਾ ਰਹੇ ਸੰਕਟ, ਭਾਰਤੀ ਕਿਸਾਨ-ਮਜ਼ਦੂਰ ਅੰਦੋਲਨ ਅਤੇ ਚੁਨੌਤੀਆਂ ਵਿਸ਼ੇ 'ਤੇ ਸੈਮੀਨਾਰ ਕੀਤਾ ਗਿਆ | ਐਨ. ਕੇ. ਪ੍ਰੇਮਚੰਦਰਨ ਸੰਸਦ ਮੈਂਬਰ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੀ ਸਾਂਝੀ ਲੜਾਈ ਨੇ ਤਿੰਨ ਖੇਤੀ ਕਾਨੂੰਨਾਂ ਦੀ ਆੜ ਵਿਚ ਕਾਰਪੋਰੇਟਸ ਨੂੰ ਖੇਤੀ ਦੇ ਹੱਕ ਸੌਂਪਣ ਦੀ ਸਾਜ਼ਿਸ਼ ਨੂੰ ਨਾਕਾਮ ਕੀਤਾ ਸੀ | ਇਸ ਮੌਕੇ ਹੰਨਨ ਮੋਲਾ ਜਨਰਲ ਸਕੱਤਰ ਆਲ ਇੰਡੀਆ ਕਿਸਾਨ ਸਭਾ ਨੇ ਕਿਹਾ ਕਿ 13 ਮਹੀਨਿਆਂ ਦੀ ਠੰਢ-ਗਰਮੀ-ਬਰਸਾਤ ਦੇ ਵਿਚਕਾਰ ਦਿੱਲੀ ਸਰਹੱਦ 'ਤੇ ਹੋਇਆ ਇਤਿਹਾਸਕ ਧਰਨਾ ਸਿੱਧ ਕਰਦਾ ਹੈ ਕਿ ਜਦੋਂ ਕਿਸਾਨ ਜਾਗਦਾ ਹੈ, ਤਾਂ ਸਰਕਾਰ ਹਿੱਲਦੀ ਹੈ | ਕਾਮਰੇਡ ਪ੍ਰੇਮ ਸਿੰਘ ਗਹਲਾਵਤ, ਧਰਮਿੰਦਰ ਵਰਮਾ ਆਲ ਇੰਡੀਆ ਅਗਰਗਾਮੀ ਕਿਸਾਨ ਸਭਾ ਨੇ ਕਿਹਾ ਕਿ ਆਪਣੇ ਦੁਸ਼ਮਣ ਦੀ ਪਹਿਚਾਣ ਕਰੋ ਤੇ ਓਹਨੂੰ ਸੱਤਾ ਤੋਂ ਹਟਾਓ | ਕਾਮਰੇਡ ਗੁਲਜ਼ਾਰ ਗੋਰੀਆ ਆਲ ਇੰਡੀਆ ਖੇਤ ਮਜ਼ਦੂਰ ਕਿਸਾਨ ਸਭਾ, ਕਾਮਰੇਡ ਸਤਰੁਜੀਤ ਸਿੰਘ ਯੂਨਾਇਟੇਡ ਟਰੇਡਜ ਯੂਨੀਅਨ ਨੇ ਕਿਹਾ ਕਿ 9 ਜੁਲਾਈ ਨੂੰ ਕੀਤੀ ਜਾਣ ਵਾਲੀ ਆਮ ਹੜਤਾਲ ਇਕ ਇਨਕਲਾਬੀ ਤੂਫ਼ਾਨ ਹੋਵੇਗੀ | ਅਖਿਲ ਭਾਰਤੀ ਸੰਯੁਕਤ ਕਿਸਾਨ ਸਭਾ ਦੇ ਕੌਮੀ ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ ਨੇ ਧੰਨਵਾਦੀ ਭਾਸ਼ਣ ਦਿੱਤਾ | ਇਸ ਮੌਕੇ ਨਵੀਂ ਰਾਸ਼ਟਰੀ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਕਾਮਰੇਡ ਸੁਭਾਸ਼ ਨਸਕਰ ਸਾਬਕਾ ਸਿੰਚਾਈ ਮੰਤਰੀ ਪੱਛਮੀ ਬੰਗਾਲ, ਜਨਰਲ ਸਕੱਤਰ ਕਰਨੈਲ ਸਿੰਘ ਇਕੋਲਾਹਾ, ਉਪ ਪ੍ਰਧਾਨ ਕਾਮਰੇਡ ਕੇ. ਐਸ. ਵੇਨੂੰਗੋਪਾਲ, ਐਡਵੋਕੇਟ ਰਾਜ ਸ਼ੇਖਰਨ, ਕਾਮਰੇਡ ਚੰਦਰ ਸ਼ੇਖਰ ਦੇਬਨਾਥ, ਕਾਮਰੇਡ ਆਰ. ਐਸ. ਡਾਗਰ, ਸਕੱਤਰ ਕਾਮਰੇਡ ਬੁੱਧ ਸੈਨ ਰਾਠੌਰ, ਕਾਮਰੇਡ ਕੇ. ਜੀ. ਵਿਜੈਦੇਵਨ ਪਿੱਲਈ, ਕਾਮਰੇਡ ਬੁਧਸੇਨ ਰਾਠੌਰ, ਕਾਮਰੇਡ ਮਹੀਰ ਪਾਲ ਅਤੇ ਅਮਰਿੰਦਰ ਸਿੰਘ ਚਾਹਲ, ਬਲਜੀਤ ਸਿੰਘ ਸੰਧੂ, ਓਮਾਨ ਕੋਟਅਨ, ਐਸ. ਐਸ. ਬਾਲੂ, ਮਹੇਸ਼ਵਰ ਪਿੱਲਾਈ, ਵਿਕਰਮ, ਏ. ਸੰਜੀਵ, ਲੇਖ ਰਾਮ ਰਾਠੌਰ, ਵਾਈ ਸਾਈ ਬਾਵਾ, ਕੇ. ਸ਼ਿਵਾਜੀ, ਰਾਜੀਬ ਬੈਨਰਜੀ, ਜੈਮਨ ਦਾਸ, ਨਰੇਸ਼ ਰਾਏ, ਸਕੀਰੂਦੀਨ, ਜਤਿਨ ਮਹਿਰਾ, ਸਰਬੇਸਵਰ ਮੇਟੀ, ਸਵਾਪਨ ਸ਼ਰਮਾ ਸ਼ਾਮਿਲ ਕੀਤੇ ਗਏ |
ਆਲ ਇੰਡੀਆ ਸੰਯੁਕਤ ਕਿਸਾਨ ਸਭਾ ਦੀ ਦੂਸਰੀ ਕੌਮਾਂਤਰੀ ਡੈਲੀਗੇਟਸ ਕਾਨਫ਼ਰੰਸ
ਅਜੀਤ ਡੈਸਕ
16-06-2025