25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਇਜ਼ਰਾਈਲ-ਈਰਾਨ ਜੰਗ ਨਾਲ ਬਾਸਮਤੀ ਚੌਲਾਂ ਦੀ ਬਰਾਮਦ ਤੇ ਕੱਚੇ ਤੇਲ ਦੀ ਦਰਾਮਦ ਪ੍ਰਭਾਵਿਤ

ਅਜੀਤ ਡੈਸਕ 16-06-2025


ਕੱਚੇ ਤੇਲ ਦੀਆਂ ਕੀਮਤਾਂ 'ਚ 8 ਫ਼ੀਸਦੀ ਉਛਾਲ ਤੇ ਬਾਸਮਤੀ ਚੌਲਾਂ ਦੇ ਭਾਅ ਘਟੇ
<br/>

ਮੂਨਕ (ਸੰਗਰੂਰ), 15 ਜੂਨ (ਕੇਵਲ ਸਿੰਗਲਾ)-ਇਜ਼ਰਾਈਲ ਵਲੋਂ ਈਰਾਨ ਦੀ ਜੰਗ ਕਾਰਨ ਦੇਸ਼ ਦੀ ਅਰਥਵਿਵਸਥਾ 'ਤੇ ਪ੍ਰਭਾਵ ਪੈਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ | ਇਸ ਦਾ ਪ੍ਰਭਾਵ ਭਾਰਤ ਤੋਂ ਬਾਸਮਤੀ ਚੌਲਾਂ ਅਤੇ ਚਾਹ, ਚੀਨੀ ਵਗ਼ੈਰਾ ਦੀ ਬਰਾਮਦ ਅਤੇ ਕੱਚੇ ਤੇਲ ਦੀ ਦਰਾਮਦ 'ਤੇ ਪੈਣਾ ਸ਼ੁਰੂ ਹੋ ਗਿਆ ਹੈ | ਅੱਜ ਤੱਕ ਕੱਚੇ ਤੇਲ ਦੀਆਂ ਕੀਮਤਾਂ 'ਚ 8 ਤੋਂ 10 ਫ਼ੀਸਦੀ ਤੱਕ ਉਛਾਲ ਆ ਚੁੱਕਾ ਹੈ ਜੇਕਰ ਦੋਵੇਂ ਦੇਸ਼ਾਂ 'ਚ ਜੰਗ ਲੰਮੀ ਚੱਲਦੀ ਹੈ ਤਾਂ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਰ ਵੀ ਉਛਾਲ ਆ ਸਕਦਾ ਹੈ | ਭਾਰਤ ਦੇ ਇਜ਼ਰਾਈਲ ਤੇ ਈਰਾਨ ਦੋਵਾਂ ਦੇਸ਼ਾਂ ਨਾਲ ਚੰਗੇ ਸੰਬੰਧ ਹੋਣ ਕਾਰਨ ਇਨ੍ਹਾਂ ਦੋਵਾਂ ਦੇਸ਼ਾਂ ਦੀ ਲੜਾਈ ਦਾ ਭਾਰਤ ਦੀ ਕੂਟਨੀਤੀ ਤੋਂ ਇਲਾਵਾ ਦੇਸ਼ ਦੀ ਅਰਥਵਿਵਸਥਾ ਤੇ ਰਾਜਨੀਤਕ ਵੱਡਾ ਪ੍ਰਭਾਵ ਪਵੇਗਾ | ਭਾਰਤ ਤੋਂ ਮੱਧ ਪੂਰਬੀ ਦੇਸ਼ਾਂ ਖ਼ਾਸ ਕਰਕੇ ਈਰਾਨ ਨੂੰ ਬਾਸਮਤੀ ਚੌਲਾਂ, ਚੀਨੀ ਅਤੇ ਚਾਹ ਵਗ਼ੈਰਾ ਦੀ ਵੱਡੇ ਪੱਧਰ 'ਤੇ ਬਰਾਮਦ ਕੀਤੀ ਜਾਂਦੀ ਹੈ ਅਤੇ ਈਰਾਨ ਤੋਂ ਕੱਚੇ ਤੇਲ ਦੀ ਦਰਾਮਦ ਭਾਵੇਂ ਕਾਫ਼ੀ ਘੱਟ ਗਈ ਹੈ ਪਰ ਈਰਾਨ ਦੁਨੀਆਂ ਦਾ ਚੌਥਾ ਵੱਡਾ ਕੱਚੇ ਤੇਲ ਬਰਾਮਦਕਾਰ ਹੋਣ ਕਾਰਨ ਕੱਚੇ ਤੇਲ ਦੀਆਂ ਕੀਮਤਾਂ 'ਚ ਹੋਰ ਵੀ ਭਾਰੀ ਉਛਾਲ ਆ ਸਕਦਾ ਹੈ | ਈਰਾਨ ਨੂੰ ਬਰਾਮਦ ਅਤੇ ਦਰਾਮਦ 'ਤੇ ਅਸਰ ਪੈਣ ਨਾਲ ਦੇਸ਼ ਦੀ ਅਰਥਵਿਵਸਥਾ ਤੋਂ ਇਲਾਵਾ ਦੇਸ਼ ਦੀ ਕਿਸਾਨੀ 'ਤੇ ਵੀ ਮਾਰੂ ਅਸਰ ਪੈਣ ਦੀ ਸੰਭਾਵਨਾ ਬਣ ਗਈ ਹੈ | ਬਾਸਮਤੀ ਚੌਲਾਂ ਦੇ ਉਤਪਾਦਨ 'ਚ 40 ਫ਼ੀਸਦੀ ਪੰਜਾਬ ਦਾ ਯੋਗਦਾਨ ਹੈ ਸੋ ਪੰਜਾਬ ਦੇ ਕਿਸਾਨ ਜ਼ਿਆਦਾ ਪ੍ਰਭਾਵਿਤ ਹੋਣਗੇ | ਇਸ ਤੋਂ ਪਹਿਲਾਂ ਵੀ ਇਜ਼ਰਾਈਲ ਤੇ ਫ਼ਲਸਤੀਨ ਦੀ ਲੜਾਈ ਕਾਰਨ ਫ਼ਲਸਤੀਨ ਹਮਾਇਤੀ ਹਮਾਸ ਦੇ ਲੜਾਕਿਆਂ ਵਲੋਂ ਲਾਲ ਸਾਗਰ 'ਚ ਮਾਲ ਵਾਹਕ ਜਹਾਜ਼ਾਂ 'ਤੇ ਹਮਲਿਆਂ ਕਾਰਨ ਮਾਲਵਾਹਕ ਜਹਾਜ਼ਾਂ ਵਲੋਂ ਲੰਮਾ ਰਸਤਾ ਸਫ਼ਰ ਤੈਅ ਕਾਰਨ ਅਤੇ ਬੀਮਾ ਵਗ਼ੈਰਾ ਦੇ ਖ਼ਰਚੇ ਵਧਣ ਕਾਰਨ ਬਾਸਮਤੀ ਚੌਲਾਂ ਦੀ ਬਰਾਮਦ ਦੇ ਖ਼ਰਚਿਆਂ 'ਚ ਵਾਧਾ ਹੋਣ ਕਾਰਨ ਜਿੱਥੇ ਕਿਸਾਨਾਂ ਦਾ ਬਾਸਮਤੀ ਝੋਨਾ ਘੱਟ ਭਾਅ 'ਚ ਵਿਕਿਆ ਸੀ ਉੱਥੇ ਬਾਸਮਤੀ ਝੋਨੇ ਦਾ ਕੰਮ ਕਰਨ ਵਾਲੇ ਸੈੱਲਾਂ ਪਲਾਂਟ ਮਾਲਕਾਂ ਨੂੰ ਬਾਸਮਤੀ ਚੌਲਾਂ ਦਾ ਭਾਅ ਘੱਟ ਮਿਲਣ ਕਾਰਨ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ, ਅਜੇ ਦੋ ਮਹੀਨੇ ਪਹਿਲਾਂ ਹੀ ਬਾਸਮਤੀ ਚੌਲਾਂ ਦੇ ਭਾਅ 'ਚ ਸੁਧਾਰ ਆਉਣਾ ਸ਼ੁਰੂ ਹੋਇਆ ਸੀ ਤੇ ਬਾਸਮਤੀ ਚੌਲਾਂ ਦੇ ਭਾਅ 1000 ਤੋਂ 1300 ਰੁਪਏ ਤੱਕ ਵੱਧ ਗਏ ਸਨ ਜਿਸ ਨਾਲ ਬਾਸਮਤੀ ਚੌਲਾਂ ਦਾ ਕੰਮ ਕਰਨ ਵਾਲੇ ਸੈੱਲਾਂ ਪਲਾਂਟ ਮਾਲਕਾਂ ਤੇ ਕਿਸਾਨਾਂ ਨੇ ਰਾਹਤ ਮਹਿਸੂਸ ਕੀਤੀ ਸੀ ਪਰ ਹੁਣ ਇਜ਼ਰਾਈਲ ਤੇ ਈਰਾਨ ਦੀ ਲੜਾਈ ਦਾ ਬਾਸਮਤੀ ਬਾਜ਼ਾਰ 'ਤੇ ਪ੍ਰਭਾਵ ਪੈਣ ਦੀ ਸੰਭਾਵਨਾ ਨਾਲ ਬਾਸਮਤੀ ਝੋਨੇ ਦੇ ਕਾਸ਼ਤਕਾਰ ਕਿਸਾਨਾਂ ਅਤੇ ਬਾਸਮਤੀ ਝੋਨੇ ਦਾ ਕੰਮ ਕਰਨ ਵਾਲੇ ਸੈੱਲਾਂ ਵਪਾਰੀਆਂ 'ਚ ਬੇਚੈਨੀ ਵੱਧ ਗਈ ਹੈ ਕਿਉਂਕਿ ਈਰਾਨ ਨੂੰ ਬਾਸਮਤੀ ਚੌਲਾਂ ਦੀ ਬਰਾਮਦ ਦੇ ਅਦਾਇਗੀ ਦਾ ਖ਼ਤਰਾ ਵਧਣ ਕਾਰਨ ਬਾਸਮਤੀ ਚੌਲਾਂ ਦੇ ਬਰਾਮਦਕਾਰ ਹੱਥ ਪਿੱਛੇ ਖਿੱਚ ਸਕਦੇ ਹਨ | ਬਾਸਮਤੀ ਝੋਨੇ ਦੀ ਖ਼ਰੀਦ ਸੋ ਫ਼ੀਸਦੀ ਪ੍ਰਾਈਵੇਟ ਵਪਾਰੀਆਂ ਵਲੋਂ ਕੀਤੀ ਜਾਂਦੀ ਹੈ ਅਤੇ ਇਸ ਦੇ ਚੌਲਾਂ ਦੀ ਵੱਡੀ ਮਾਤਰਾ ਬਰਾਮਦ ਕੀਤੀ ਜਾਂਦੀ ਹੈ ਸੋ ਕੌਮਾਂਤਰੀ ਪੱਧਰ 'ਤੇ ਦੇਸ਼ਾਂ 'ਚ ਥੋੜ੍ਹੀ ਜਿਹੀ ਹਿਲ-ਜੁਲ ਵੀ ਬਾਸਮਤੀ ਚੌਲਾਂ ਦੀ ਬਰਾਮਦ ਨੂੰ ਪ੍ਰਭਾਵਿਤ ਕਰਦੀ ਰਹਿੰਦੀ ਹੈ | ਇਹੀ ਕਾਰਨ ਹੈ ਕਿ ਬਾਸਮਤੀ ਚੌਲਾਂ ਦੇ ਬਾਜ਼ਾਰ 'ਚ ਕਦੇ ਵੀ ਸਥਿਰਤਾ ਨਹੀਂ ਰਹੀ | ਬਾਸਮਤੀ ਚੌਲਾਂ ਦੇ ਭਾਅ 'ਚ ਸਥਿਰਤਾ ਲਿਆਉਣ ਲਈ ਭਾਰਤ ਸਰਕਾਰ ਨੂੰ ਬਾਸਮਤੀ ਚੌਲਾਂ ਦੀ ਬਰਾਮਦ ਦੀਆਂ ਨੀਤੀਆਂ 'ਚ ਬਦਲਾਅ ਕਰਨਾ ਪਵੇਗਾ ਤਾਂ ਕਿ ਕਿਸਾਨ ਬਾਸਮਤੀ ਝੋਨੇ ਦੀ ਬਿਜਾਈ ਖੁੱਲ ਕੇ ਕਰ ਸਕਣ | ਦੱਸਣਯੋਗ ਹੈ ਕਿ ਇਸ ਸਾਲ ਬਾਸਮਤੀ ਚੌਲਾਂ ਦੀ ਬਰਾਮਦ 'ਚ ਹੁਣ ਤੱਕ ਪਿਛਲੇ ਸਾਲ ਨਾਲੋਂ 16 ਫ਼ੀਸਦੀ ਵਾਧਾ ਹੋਇਆ ਹੈ, ਸੋ ਬਾਸਮਤੀ ਚੌਲਾਂ ਦਾ ਪਿਛਲਾ ਸਟਾਕ ਲਗਭਗ ਖ਼ਤਮ ਹੋ ਰਿਹਾ ਹੈ, ਬਾਸਮਤੀ ਚੌਲਾਂ ਦੇ ਭਾਅ ਦਾ ਮੁਲਾਂਕਣ ਕਰਨਾ ਜੋਖ਼ਮ ਭਰਿਆ ਕੰਮ ਹੈ |

ਪਿਛਲੀ ਖ਼ਬਰ ਸੰਵਿਧਾਨ ਨੂੰ ਖ਼ਤਮ ਕਰਨ ਲਈ ਕੇਂਦਰ ਸਰਕਾਰ ਵੱਡੇ ਕਾਰੋਬਾਰੀ ਘਰਾਣਿਆਂ ਦੇ ਹੱਥਾਂ 'ਚ ਖੇਡ ਰਹੀ-ਵੜਿੰਗ, ਬਾਜਵਾ ਅਗਲੀ ਖ਼ਬਰ ਸੁਖਬੀਰ ਦੀ ਅਗਵਾਈ 'ਚ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ-ਪਰਮਿੰਦਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।