29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਬੰਦ ਘਰ 'ਚੋਂ 25 ਲੱਖ ਨਕਦੀ ਤੇ 35 ਲੱਖ ਦੇ ਗਹਿਣਿਆਂ ਵਾਲਾ ਲਾਕਰ ਪੁੱਟ ਕੇ ਚੋਰ ਫ਼ਰਾਰ <br/>

ਅਜੀਤ ਡੈਸਕ 18-06-2025

ਡੇਰਾਬੱਸੀ (ਮੁਹਾਲੀ), 17 ਜੂਨ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੀ ਹੈਬਤਪੁਰ ਰੋਡ 'ਤੇ ਸਥਿਤ ਵੀ. ਆਈ. ਪੀ. ਇਨਕਲੇਵ ਵਿਚਲੇ ਇਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਚੋਰ ਕਰੀਬ 25-30 ਲੱਖ ਰੁ. ਦੀ ਨਕਦੀ ਅਤੇ 30-35 ਲੱਖ ਰੁ. ਦੇ ਸੋਨੇ ਦੇ ਗਹਿਣਿਆਂ ਵਾਲਾ ਅਲਮਾਰੀ ਅੰਦਰਲਾ ਲਾਕਰ ਪੁੱਟ ਕੇ ਫ਼ਰਾਰ ਹੋ ਗਏ | ਚੋਰ ਜਾਣ ਵੇਲੇ ਘਰ 'ਚ ਲੱਗੀ ਸੀ. ਸੀ. ਟੀ. ਵੀ. ਕੈਮਰਿਆਂ ਵਾਲੀ ਡੀ. ਵੀ. ਆਰ. ਵੀ ਆਪਣੇ ਨਾਲ ਲੈ ਗਏ ਤਾਂ ਜੋ ਉਨ੍ਹਾਂ ਦੀ ਪਛਾਣ ਨਾ ਹੋ ਸਕੇ | ਮਕਾਨ ਮਾਲਕ ਸੁਧੀਰ ਪੁੱਤਰ ਜਗਦੀਸ਼ ਵਾਸੀ ਮ. ਨੰ. 155-ਸੀ ਵੀ. ਆਈ. ਪੀ. ਇਨਕਲੇਵ ਡੇਰਾਬੱਸੀ , ਜੋ ਕਿ ਜ਼ੀਰਕਪੁਰ ਵਿਖੇ ਹੋਟਲਾਂ ਦਾ ਕਾਰੋਬਾਰ ਕਰਦਾ ਹੈ, ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਘਰ ਨਹੀਂ ਆਇਆ ਸੀ ਅਤੇ ਉਸ ਦੀ ਪਤਨੀ ਵੀ ਪੇਕੇ ਘਰ ਗਈ ਹੋਈ ਸੀ | ਉਨ੍ਹਾਂ ਘਰ ਨੂੰ ਬਾਹਰੋਂ ਜਿੰਦਰਾ ਲਗਾਇਆ ਹੋਇਆ ਸੀ | 16 ਜੂਨ ਦੀ ਸ਼ਾਮ ਨੂੰ ਸੁਸਾਇਟੀ ਦੇ ਪ੍ਰਧਾਨ ਨੇ ਉਸ ਨੂੰ ਘਰ ਦੀ ਲਾਈਟ ਜਗਣ ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਬਾਅਦ ਜਦੋਂ ਉਹ ਘਰ ਪਹੁੰਚਿਆ ਤਾਂ ਵੇਖਿਆ ਕਿ ਮੇਨ ਗੇਟ 'ਤੇ ਜਿੰਦਰਾ ਲੱਗਾ ਹੋਇਆ ਸੀ, ਪਰ ਘਰ ਦੇ ਮੇਨ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ ਅਤੇ ਅੰਦਰ ਸਾਰਾ ਸਾਮਾਨ ਖਿਲਰਿਆ ਪਿਆ ਸੀ | ਸੁਧੀਰ ਨੇ ਦੱਸਿਆ ਕਿ ਚੋਰ ਘਰ ਦੀ ਪਹਿਲੀ ਮੰਜ਼ਿਲ 'ਤੇ ਰੱਖੇ ਡਿਜ਼ੀਟਲ ਲਾਕਰ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਲਾਕਰ ਦੇ ਨਾ ਖੁੱਲ੍ਹਣ 'ਤੇ ਪੂਰਾ ਲਾਕਰ ਹੀ ਪੁੱਟ ਕੇ ਆਪਣੇ ਨਾਲ ਲੈ ਗਏ | ਲਾਕਰ 'ਚ ਉਸ ਵਲੋਂ ਕਰੀਬ 25-30 ਲੱਖ ਰੁ. ਦੀ ਨਕਦੀ ਅਤੇ ਪਤਨੀ ਦੇ 30-35 ਲੱਖ ਰੁ. ਦੇ ਮੁੱਲ ਦੇ ਗਹਿਣੇ ਰੱਖੇ ਹੋਏ ਸਨ | ਉਨ੍ਹਾਂ ਦੱਸਿਆ ਕਿ ਘਰ ਦੇ ਆਸ-ਪਾਸ ਦੇ ਖੇਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ਼ ਦੇਖਣ ਤੋਂ ਪਤਾ ਚੱਲਿਆ ਕਿ 14 ਜੂਨ ਦੀ ਰਾਤ ਨੂੰ ਦੋ ਨੌਜਵਾਨ ਕਰੀਬ 1 ਤੋਂ 2 ਵਜੇ ਦੇ ਵਿਚਕਾਰ ਆਉਂਦੇ ਦਿਖਾਈ ਦੇ ਰਹੇ ਹਨ | ਉਧਰ ਮੁਬਾਰਕਪੁਰ ਪੁਲਿਸ ਚੌਕੀ ਇੰਚਾਰਜ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜੋ ਕਿ ਆਧੁਨਿਕ ਤਰੀਕਿਆਂ, ਜਿਵੇਂ ਕਿ ਫੋਰੈਂਸਿਕ ਜਾਂਚ, ਸੀ. ਸੀ. ਟੀ. ਵੀ. ਫੁਟੇਜ਼ ਅਤੇ ਹੋਰਨਾਂ ਥਾਵਾਂ ਤੋਂ ਸੁਰਾਗ ਇਕੱਠੇ ਕਰ ਰਹੀਆਂ ਹਨ | ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਚੋਰ ਪੁਲਿਸ ਦੀ ਗਿ੍ਫ਼ਤ 'ਚ ਹੋਣਗੇ |

ਪਿਛਲੀ ਖ਼ਬਰ ਪੰਜਾਬ 'ਚ 8 ਕਰੋੜ ਰੁਪਏ ਦੀ ਨਿਵੇਸ਼ ਧੋਖਾਧੜੀ 'ਚ ਸ਼ਾਮਿਲ ਅੰਤਰਰਾਜੀ ਗਰੋਹ ਦਾ ਪਰਦਾਫ਼ਾਸ਼-2 ਗਿ੍ਫ਼ਤਾਰ <br/> ਅਗਲੀ ਖ਼ਬਰ ਭਾਖੜਾ ਡੈਮ 'ਚ ਪਾਣੀ ਦਾ ਪੱਧਰ 1558.69 ਫੁੱਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।