ਗੁਜਰਾਤ ਦੇ ਗਾਂਧੀਨਗਰ ਵਿਖੇ ਕਰਵਾਈ ਸ਼ੋਕ ਸਭਾ ਦੌਰਾਨ ਰੁਪਾਨੀ ਦੀ ਪਤਨੀ ਤੇ ਪੁੱਤਰ ਨੂੰ ਮਿਲ ਕੇ ਪ੍ਰਗਟਾਇਆ ਦੁੱਖ
<br/>
ਚੰਡੀਗੜ੍ਹ, 19 ਜੂਨ (ਸੰਦੀਪ ਕੁਮਾਰ ਮਾਹਨਾ)ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਵਿਜੇ ਰੁਪਾਨੀ ਦੀ ਧਰਮਪਤਨੀ ਅਤੇ ਪੁੱਤਰ ਰਿਸ਼ਬ ਰੁਪਾਨੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ | ਜਾਖੜ ਨੇ ਕਿਹਾ ਕਿ ਰੁਪਾਨੀ ਦੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਕਦੇ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ ਸਗੋਂ ਦੇਸ਼ ਨੇ ਵੀ ਲੋਕਾਂ ਲਈ ਸਮਰਪਿਤ ਆਗੂ ਗੁਆ ਲਿਆ ਹੈ | ਜਾਖੜ ਨੇ ਗੁਜਰਾਤ ਦੇ ਗਾਂਧੀਨਗਰ ਵਿਖੇ ਰੁਪਾਨੀ ਦੀ ਸ਼ੋਕ ਸਭਾ ਦੌਰਾਨ ਹਮਦਰਦੀ ਪ੍ਰਗਟਾਉਂਦਿਆਂ ਉਨ੍ਹਾਂ ਦੇ ਅਕਾਲ ਚਲਾਣੇ ਨੂੰ ਗੁਜਰਾਤ ਖ਼ਾਸਕਰ ਭਾਜਪਾ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ | ਰੁਪਾਨੀ ਦਾ ਪੂਰਾ ਜੀਵਨ ਸਾਦਗੀ ਭਰਿਆ ਰਿਹਾ | ਪਾਰਟੀ ਵਰਕਰ ਤੋਂ ਲੈ ਕੇ ਗੁਜਰਾਤ ਦੇ ਮੁੱਖ ਮੰਤਰੀ ਤੱਕ ਦੇ ਸਫ਼ਰ ਦੌਰਾਨ ਉਨ੍ਹਾਂ ਲੋਕਾਂ ਦੀ ਸੇਵਾ ਨੂੰ ਹੀ ਤਰਜ਼ੀਹ ਦਿੱਤੀ | ਜਾਖੜ ਨੇ ਵਿਜੇ ਰੁਪਾਨੀ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਕਾਮਨਾ ਵੀ ਕੀਤੀ |