ਜਲੰਧਰ, 22 ਜੂਨ (ਹਰਵਿੰਦਰ ਸਿੰਘ ਫੁੱਲ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐਮ. ਪੀ. ਆਈ.) ਦੀ ਕੇਂਦਰੀ ਕਮੇਟੀ ਦੇ ਚੇਅਰਮੈਨ ਕਾਮਰੇਡ ਕੇ. ਗੰਗਾਥਰਨ ਅਤੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਅੱਜ ਇੱਥੋਂ ਜਾਰੀ ਇਕ ਸਾਂਝੇ ਬਿਆਨ ਰਾਹੀਂ ਅਮਰੀਕਾ ਵਲੋਂ ਈਰਾਨ 'ਤੇ ਕੀਤੇ ਗਏ ਭਿਆਨਕ ਜੰਗੀ ਹਮਲੇ ਦੀ ਕਰੜੀ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਮਰੀਕਾ ਨੇ ਆਪਣੀ ਇਸ ਅਨੈਤਿਕ ਤੇ ਭੜਕਾਊ ਕਾਰਵਾਈ ਨਾਲ ਨਾ ਕੇਵਲ ਸਮੁੱਚੇ ਏਸ਼ਿਆਈ ਮਹਾਂਦੀਪ ਨੂੰ ਜੰਗ ਦੀ ਭੱਠੀ 'ਚ ਝੋਕ ਦਿੱਤਾ ਹੈ, ਬਲਕਿ ਉਸ ਦਾ ਇਹ ਦਹਿਸ਼ਤੀ ਕਾਰਾ ਦੁਨੀਆਂ 'ਚ ਅਮਨ ਲਈ ਵੀ ਗੰਭੀਰ ਖਤਰੇ ਖੜੇ ਕਰਨ ਦਾ ਸਬੱਬ ਬਣੇਗਾ ¢ ਸਾਥੀ ਪਾਸਲਾ ਅਤੇ ਗੰਗਾਥਰਨ ਨੇ ਭਾਰਤ ਸਰਕਾਰ ਤੋਂ ਅਮਰੀਕਾ ਦੀ ਇਸ ਦਾਦਾਗਿਰੀ ਖਿਲਾਫ ਡੱਟਵਾਂ ਅਸੂਲੀ ਸਟੈਂਡ ਲੈਣ ਦੀ ਮੰਗ ਕਰਦਿਆਂ ਦੇਸ਼ ਵਾਸੀਆਂ ਨੂੰ ਜੰਗਬਾਜ਼ ਜੁੰਡਲੀ ਖਿਲਾਫ ਸ਼ਕਤੀਸ਼ਾਲੀ ਅਮਨ ਲਹਿਰ ਖੜੀ ਕਰਨ ਦੀ ਅਪੀਲ ਕੀਤੀ ਹੈ ¢ ਉਨ੍ਹਾਂ ਪਾਰਟੀ ਇਕਾਈਆਂ ਨੂੰ ਜੰਗ ਵਿਰੋਧੀ ਐਕਸ਼ਨ ਜਥੇਬੰਦ ਕਰਨ ਅਤੇ ਟਰੰਪ ਤੇ ਨੇਤਨਯਾਹੂ ਦੇ ਪੁਤਲੇ ਸਾੜੇ ਜਾਣ ਦਾ ਸੱਦਾ ਦਿੱਤਾ ¢
ਆਰ.ਐਮ.ਪੀ.ਆਈ. ਨੇ ਈਰਾਨ 'ਤੇ ਹਮਲੇ ਲਈ ਅਮਰੀਕਾ ਦੀ ਕੀਤੀ ਨਿਖੇਧੀ
ਅਜੀਤ ਡੈਸਕ
23-06-2025