ਬਟਾਲਾ, 23 ਅਕਤੂਬਰ (ਸਤਿੰਦਰ ਸਿੰਘ)-ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਮੁੱਖ ਪ੍ਰਬੰਧਕ ਤੇ ਸਾਬਕਾ ਆਈ.ਏ.ਐਸ. ਡਾ. ਵਿਜੇ ਸਤਬੀਰ ਸਿੰਘ ਨੇ ਦੱਸਿਆ ਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਤਕ ਸੁਦੀ ਦੂਜ, 4 ਅਕਤੂਬਰ 1708 ਈ. ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਜੁਗੋ-ਜੁਗ ਅਟੱਲ ਗੁਰਤਾਗੱਦੀ ਅਰਪਨ ਕੀਤੀ ਸੀ, ਜਿਸ ਦੇ ਤਹਿਤ 23 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾਗੱਦੀ ਗੁਰਪੁਰਬ ਦੂਜ ਬੜੀ ਸ਼ਰਧਾ, ਪਿਆਰ, ਉਤਸ਼ਾਹ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ | ਪੁਰਾਤਨ ਚਲੀ ਆ ਰਹੀ ਮਰਿਯਾਦਾ ਅਨੁਸਾਰ ਗੁਰਦੁਆਰਾ ਸ੍ਰੀ ਨਗੀਨਾ ਘਾਟ ਸਾਹਿਬ ਤੋਂ ਸਵੇਰੇ 8 ਵਜੇ ਗੁਰਤਾਗੱਦੀ ਦਾ ਨਗਰ ਕੀਰਤਨ ਆਰੰਭ ਹੋਇਆ | ਸੁਨਹਿਰੀ ਸੁੰਦਰ ਪਾਲਕੀ ਵਾਲੀ ਗੱਡੀ ਨੂੰ ਸੁੰਦਰ ਫੁੱਲਾਂ ਨਾਲ ਸਜਾਇਆ ਹੋਇਆ ਸੀ | ਗਤਕਾ ਪਾਰਟੀਆਂ, ਭਜਨ ਮੰਡਲੀਆਂ, ਗੁਰੂ ਨਾਨਕ ਨਾਮ ਲੇਵਾ ਜਥੇਬੰਦੀਆਂ, ਬੈਂਡ ਵਾਜਾ ਪਾਰਟੀ ਅਤੇ ਵਿਸ਼ਵ ਦੇ ਕੋਨੇ-ਕੋਨੇ 'ਚੋਂ ਹਜ਼ਾਰਾਂ ਸ਼ਰਧਾਲੂ ਤੇ ਹਜ਼ੂਰੀ ਸੰਗਤਾਂ ਇਸ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ | ਡਾ. ਵਿਜੇ ਸਤਬੀਰ ਸਿੰਘ ਤੇ ਹਰਜੀਤ ਸਿੰਘ ਕੜ੍ਹੇਵਾਲੇ ਸੁਪਰਡੈਂਟ ਨੇ ਸਮੂਹ ਸੰਗਤਾਂ ਨੂੰ ਇਸ ਪਾਵਨ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ | ਇਸੇ ਦਿਨ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਭਵਨ ਵਿਖੇ ਗੁਰਪੁਰਬ ਦੂਜ-ਪੰਚਮੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮਾਂ ਦੀ ਆਰੰਭਤਾ ਹੋਈ, ਜੋ ਕਿ 27 ਅਕਤੂਬਰ ਤੱਕ ਚੱਲਣਗੇ | ਇਨ੍ਹਾਂ ਪ੍ਰੋਗਰਾਮਾਂ ਵਿਚ ਉਚ ਕੋਟੀ ਦੇ ਰਾਗੀ ਜਥੇ, ਗਿਆਨੀ ਕਥਾਕਾਰ, ਸੰਤ-ਮਹਾਂਪੁਰਸ਼ ਆਦਿ ਸ਼ਾਮਲ ਹੋ ਰਹੇ ਹਨ |
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਗੁਰਤਾਗੱਦੀ ਗੁਰਪੁਰਬ ਧੂਮ-ਧਾਮ ਨਾਲ ਮਨਾਇਆ <br/>
ਅਜੀਤ ਡੈਸਕ
24-10-2025