ਕੋਲਕਾਤਾ, 4 ਨਵੰਬਰ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜੇਕਰ ਇਕ ਵੀ ਯੋਗ ਵੋਟਰ ਨੂੰ ਸੂਚੀ 'ਚੋਂ ਹਟਾ ਦਿੱਤਾ ਜਾਂਦਾ ਹੈ ਤਾਂ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦਾ ਪਤਨ ਅਟੱਲ ਹੋਵੇਗਾ | ਉਨ੍ਹਾਂ ਭਗਵਾ ਪਾਰਟੀ ਤੇ ਚੋਣ ਕਮਿਸ਼ਨ 'ਤੇ 2026 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰਾਂ ਨੂੰ ਡਰਾਉਣ ਲਈ ਐਸ.ਆਈ.ਆਰ. ਨੂੰ ਰਾਜਨੀਤਿਕ ਸਾਧਨ ਵਜੋਂ ਵਰਤਣ ਦਾ ਦੋਸ਼ ਲਗਾਇਆ | ਕੋਲਕਾਤਾ 'ਚ ਇਕ ਵਿਸ਼ਾਲ ਐਸ.ਆਈ.ਆਰ. ਵਿਰੋਧੀ ਰੈਲੀ ਦੀ ਅਗਵਾਈ ਕਰਦੇ ਹੋਏ ਬੈਨਰਜੀ ਨੇ ਚੋਣ ਕਮਿਸ਼ਨ 'ਤੇ ਭਾਜਪਾ ਸ਼ਾਸਿਤ ਰਾਜਾਂ ਨੂੰ ਛੱਡ ਕੇ ਵਿਰੋਧੀ ਧਿਰ ਸ਼ਾਸਿਤ ਰਾਜਾਂ 'ਚ ਚੋਣਵੇਂ ਤੌਰ 'ਤੇ ਸੋਧ ਮੁਹਿੰਮ ਚਲਾਉਣ ਦਾ ਦੋਸ਼ ਲਗਾਇਆ | ਟੀ.ਐਮ.ਸੀ. ਮੁਖੀ ਨੇ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਸਿਰਫ ਕੇਰਲ, ਤਾਮਿਲਨਾਡੂ ਤੇ ਪੱਛਮੀ ਬੰਗਾਲ ਵਰਗੇ ਰਾਜਾਂ 'ਚ ਐਸ.ਆਈ.ਆਰ. ਚਲਾ ਰਿਹਾ ਹੈ, ਪਰ ਭਾਜਪਾ ਸ਼ਾਸਿਤ ਅਸਾਮ 'ਚ ਨਹੀਂ | ਇਨ੍ਹਾਂ ਚਾਰ ਰਾਜਾਂ 'ਚ ਵਿਧਾਨ ਸਭਾ ਚੋਣਾਂ ਅਗਲੇ ਸਾਲ ਹੋਣੀਆਂ ਹਨ | ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਇਹ ਵੀ ਜਵਾਬ ਦੇਣਾ ਚਾਹੀਦਾ ਹੈ ਕਿ ਭਾਜਪਾ ਸ਼ਾਸਿਤ ਅਸਾਮ, ਤਿ੍ਪੁਰਾ ਤੇ ਹੋਰ ਉੱਤਰ-ਪੂਰਬੀ ਰਾਜਾਂ 'ਚ ਕੋਈ ਐਸ.ਆਈ.ਆਰ. ਕਿਉਂ ਨਹੀਂ ਹੈ | ਬੈਨਰਜੀ ਨੇ ਮੌਜੂਦਾ ਅਭਿਆਸ ਨੂੰ ਜਲਦੀ ਤੇ ਰਾਜਨੀਤਿਕ ਤੌਰ 'ਤੇ ਪ੍ਰੇਰਿਤ ਦੱਸਿਆ |
ਮਮਤਾ ਵਲੋਂ ਕੋਲਕਾਤਾ 'ਚ ਵਿਸ਼ਾਲ ਐਸ.ਆਈ.ਆਰ. ਵਿਰੋਧੀ ਰੈਲੀ ਚੋਣ ਕਮਿਸ਼ਨ ਤੇ ਭਾਜਪਾ 'ਤੇ ਸਾਧੇ ਨਿਸ਼ਾਨੇ <br/>
ਅਜੀਤ ਡੈਸਕ
05-11-2025