ਅੰਮਿ੍ਤਸਰ, 24 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ 'ਚ ਐੱਫ. ਸੀ. (ਫੈਡਰਲ ਕਾਂਸਟੇਬੁਲਰੀ) ਹੈੱਡਕੁਆਟਰ 'ਤੇ ਅੱਜ ਸਵੇਰੇ ਹੋਏ ਧਮਾਕੇ 'ਚ 5 ਸੈਨਿਕਾਂ ਦੀ ਮੌਤ ਹੋ ਗਈ, ਜਦੋਂਕਿ 6 ਹੋਰ ਜ਼ਖ਼ਮੀ ਹੋ ਗਏ | ਚਸ਼ਮਦੀਦਾਂ ਅਨੁਸਾਰ ਅਰਧ ਸੈਨਿਕ ਬਲ ਹੈੱਡਕੁਆਟਰ ਦੇ ਨੇੜੇ ਦੋ ਧਮਾਕੇ ਸੁਣੇ ਗਏ | ਪਾਕਿਸਤਾਨੀ ਸੁਰੱਖਿਆ ਏਜੰਸੀਆਂ ਅਨੁਸਾਰ ਹਮਲੇ 'ਚ ਸ਼ਾਮਿਲ ਤਿੰਨੋਂ ਆਤਮਘਾਤੀ ਹਮਲਾਵਰ ਮਾਰੇ ਗਏ ਹਨ | ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਸਮੇਂ ਮੁਤਾਬਿਕ ਪਹਿਲਾ ਹਮਲਾ ਸਵੇਰੇ 8.11 ਵਜੇ ਦੇ ਕਰੀਬ ਸਦਰ-ਕੋਹਾਟ ਰੋਡ 'ਤੇ ਹੋਇਆ ਅਤੇ ਦੂਜਾ ਮੋਟਰਸਾਈਕਲ ਸਟੈਂਡ 'ਤੇ | ਇਕ ਆਤਮਘਾਤੀ ਹਮਲਾਵਰ ਨੇ ਹੈੱਡਕੁਆਟਰ ਦੇ ਗੇਟ 'ਤੇ ਆਪਣੇ ਆਪ ਨੂੰ ਉਡਾ ਲਿਆ | ਦੋ ਹੋਰ ਹਮਲਾਵਰਾਂ ਨੇ ਹੈੱਡਕੁਆਟਰ 'ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਸੁਰੱਖਿਆ ਬਲਾਂ ਨੇ ਗੋਲੀ ਮਾਰ ਦਿੱਤੀ | ਇਸ ਦੌਰਾਨ ਪਿਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ 'ਚ ਐਮਰਜੈਂਸੀ ਐਲਾਨੀ ਗਈ | ਹਸਪਤਾਲ ਦੇ ਬੁਲਾਰੇ ਨੇ ਕਿਹਾ ਕਿ 6 ਜ਼ਖਮੀਆਂ ਨੂੰ ਇਲਾਜ ਲਈ ਲਿਆਂਦਾ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਹੈ | ਇਸ ਹਮਲੇ ਦੀ ਕਿਸੇ ਵੀ ਸਮੂਹ ਨੇ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ |