ਲੁਧਿਆਣਾ, 24 ਨਵੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੁਲਿਸ ਤੋਂ ਮੰਗ ਕੀਤੀ ਕਿ ਫਿਲਮ 'ਪਿੱਟ ਸਿਆਪਾ' ਦੀ ਅਦਾਕਾਰਾ ਸੋਨਮ ਬਾਜਵਾ ਅਤੇ ਫਿਲਮ ਦੇ ਡਾਇਰੈਕਟਰ ਤੇ ਟੀਮ ਦੇ ਨਾਲ-ਨਾਲ ਪੁਰਾਤਨ ਵਿਭਾਗ ਖਿਲਾਫ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮੁਕੱਦਮਾ ਦਰਜ ਕਰਕੇ ਤੁਰੰਤ ਗਿ੍ਫਤਾਰ ਕਰਕੇ ਜੇਲ੍ਹ 'ਚ ਭੇਜਿਆ ਜਾਵੇ | ਸ਼ਾਹੀ ਇਮਾਮ ਨੇ ਦੱਸਿਆ ਕਿ ਬੀਤੇ ਦਿਨੀਂ ਇਕ ਪੰਜਾਬੀ ਫਿਲਮ ਦੀ ਸ਼ੂਟਿੰਗ ਦੌਰਾਨ ਸੋਨਮ ਬਾਜਵਾ ਅਤੇ ਉਸ ਦੀ ਟੀਮ ਨੇ ਸਰਹਿੰਦ ਸਥਿਤ ਇਤਿਹਾਸਿਕ ਮਸਜਿਦ ਭਗਤ ਸਦਨਾ ਕਸਾਈ ਵਿਚ ਜਾ ਕੇ ਸ਼ੂਟਿੰਗ ਕੀਤੀ, ਜਦਕਿ ਕਦੇ ਕਿਸੇ ਵੀ ਮਸਜਿਦ ਵਿਚ ਸ਼ੂਟਿੰਗ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ | ਸ਼ਾਹੀ ਇਮਾਮ ਨੇ ਕਿਹਾ ਕਿ ਦਿਨ ਬ ਦਿਨ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |