ਫ਼ਿਰੋਜ਼ਪੁਰ, 24 ਨਵੰਬਰ (ਰਾਕੇਸ਼ ਚਾਵਲਾ)-ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਕਾਰਜਕਾਰਨੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਕੋਸ਼ਿਸ਼ਾਂ ਸਦਕਾ ਫ਼ਿਰੋਜ਼ਪੁਰ-ਨਵੀਂ ਦਿੱਲੀ ਵਿਚਾਲੇ ਇਕ ਹੋਰ ਰੇਲ ਗੱਡੀ ਨੂੰ ਪਹਿਲੇ ਦਿਨ ਹਰੀ ਝੰਡੀ ਦਿਖਾ ਫ਼ਿਰੋਜ਼ਪੁਰ ਵਾਸੀਆਂ ਨੂੰ ਇਕ ਹੋਰ ਤੋਹਫ਼ਾ ਦਿੱਤਾ ਹੈ | ਨਵੀਂ ਦਿੱਲੀ ਤੋਂ ਮੋਗਾ ਤੱਕ ਹਫ਼ਤੇ ਵਿਚ ਦੋ ਵਾਰ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈੱਸ ਨੂੰ ਰੇਲ ਵਿਭਾਗ ਨੇ ਸੋਮਵਾਰ ਤੋਂ ਫ਼ਿਰੋਜ਼ਪੁਰ ਤੱਕ ਵਿਸਤਾਰ ਕਰ ਦਿੱਤਾ ਹੈ | ਅੱਜ ਦੁਪਹਿਰ ਰੇਲ ਗੱਡੀ ਨੂੰ ਫ਼ਿਰੋਜ਼ਪੁਰ ਤੋਂ ਪਹਿਲੇ ਦਿਨ ਰਵਾਨਾ ਕਰਨ ਮੌਕੇ ਰਾਣਾ ਸੋਢੀ ਨੇ ਕਿਹਾ ਕਿ ਕੇਂਦਰੀ ਰੇਲ ਮੰਤਰੀ ਅਤੇ ਕੇਂਦਰੀ ਰੇਲ ਰਾਜ ਮੰਤਰੀ ਦੇ ਨਾਲ ਮਿਲ ਕੇ ਉਹ ਫ਼ਿਰੋਜ਼ਪੁਰ ਨੂੰ ਸਾਰੇ ਦੇਸ਼ ਦੇ ਧਾਰਮਿਕ ਅਤੇ ਪ੍ਰਮੁੱਖ ਸ਼ਹਿਰਾਂ ਦੇ ਨਾਲ ਸਿੱਧੀ ਰੇਲ ਸੇਵਾ ਨਾਲ ਜੋੜਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ | ਰਾਣਾ ਸੋਢੀ ਦੇ ਯਤਨਾਂ ਕਰਕੇ ਹੁਣ ਤੱਕ ਫ਼ਿਰੋਜ਼ਪੁਰ ਤੋਂ ਹਜ਼ੂਰ ਸਾਹਿਬ, ਹਰਿਦੁਆਰ ਲਈ ਹਫ਼ਤਾਵਾਰੀ ਰੇਲ ਗੱਡੀ, ਫ਼ਿਰੋਜ਼ਪੁਰ ਤੋਂ ਦਿੱਲੀ ਤੱਕ ਵੰਦੇ ਭਾਰਤ ਸੁਪਰ-ਫਾਸਟ ਐਕਸਪ੍ਰੈਸ ਸ਼ੁਰੂ ਕਰਵਾਈਆਂ ਜਾ ਚੁੱਕੀਆਂ ਹਨ | ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਨਵੀਂ ਦਿੱਲੀ ਤੋਂ ਮੋਗਾ ਤੱਕ ਚੱਲਣ ਵਾਲੀ ਇੰਟਰਸਿਟੀ ਐਕਸਪ੍ਰੈੱਸ ਨੂੰ ਵਿਸਤਾਰ ਕਰਵਾ ਕੇ ਫ਼ਿਰੋਜ਼ਪੁਰ ਤੱਕ ਕਰਵਾ ਦਿੱਤਾ ਗਿਆ ਹੈ ਜੋ ਹਰ ਸੋਮਵਾਰ ਅਤੇ ਸ਼ੁੱਕਰਵਾਰ ਬਾਅਦ ਦੁਪਹਿਰ 3:30 ਵਜੇ ਫ਼ਿਰੋਜ਼ਪੁਰ ਤੋਂ ਰਵਾਨਾ ਹੋਇਆ ਕਰੇਗੀ | ਇਸ ਮੌਕੇ ਭਾਜਪਾ ਆਗੂ ਡੀ.ਪੀ. ਚੰਦਨ, ਅਸ਼ਵਨੀ ਗਰੋਵਰ, ਐਡਵੋਕੇਟ ਸੁਰਿੰਦਰ ਪਾਲ ਸਿੱਧੂ, ਦਵਿੰਦਰ ਸਿੰਘ ਜੰਗ, ਇੰਦਰ ਗੁਪਤਾ, ਰਾਜੂ ਸਾਂਈਾਆਂ ਵਾਲਾ, ਚੰਦਰ ਮੋਹਨ ਹਾਂਡਾ, ਬੌਬੀ ਬਾਠ, ਨਸੀਬ ਸਿੰਘ ਸੰਧੂ, ਸ਼ਮਸ਼ੇਰ ਸਿੰਘ ਕਾਕੜ, ਸੁਸ਼ੀਲ ਗੁਪਤਾ ਆਦਿ ਹਾਜ਼ਰ ਸਨ |