15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

ਅਜੀਤ ਡੈਸਕ 25-12-2025
ਤਲਵੰਡੀ ਸਾਬੋ (ਬਠਿੰਡਾ), 24 ਦਸੰਬਰ (ਰਣਜੀਤ ਸਿੰਘ ਰਾਜੂ)-ਉੱਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਲੇਲੇਵਾਲਾ ਵਿਖੇ ਮਾਪਿਆਂ ਦੇ ਇਕਲੌਤੇ ਪੁੱਤਰ ਅਤੇ ਨੌਂ ਮਹੀਨੇ ਦੇ ਬੱਚੇ ਦੇ ਪਿਤਾ, ਹਿੰਮਤ ਸਿੰਘ ਨਾਂਅ ਦੇ ਨੌਜਵਾਨ ਨੂੰ ਕਥਿਤ ਤੌਰ 'ਤੇ ਨਸ਼ਾ ਤਸਕਰਾਂ ਵਲੋਂ ਨਸ਼ੇ ਦੀ ਵੱਧ ਮਾਤਰਾ ਦਾ ਟੀਕਾ ਲਗਾ ਕੇ ਮਾਰ ਦਿੱਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ | ਮਿ੍ਤਕ ਨੌਜਵਾਨ ਦੀ ਮਾਤਾ ਰਾਣੋ ਕੌਰ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ 'ਚ ਦੱਸਿਆ ਕਿ ਉਸ ਦੇ ਲੜਕੇ
ਹਿੰਮਤ ਸਿੰਘ ਨੂੰ ਸ਼ਾਮ ਸਮੇਂ ਪਿੰਡ ਦੇ ਤਿੰਨ ਲੜਕੇ ਕਿਸੇ ਝਗੜੇ ਦਾ ਨਿਪਟਾਰਾ ਕਰਵਾਉਣ ਦੇ ਬਹਾਨੇ ਲੈ ਗਏ ਤੇ ਕੁਝ ਸਮੇਂ ਬਾਅਦ ਉਕਤ ਲੜਕੇ ਨਸ਼ੇ ਦੀ ਹਾਲਤ 'ਚ ਦੋਬਾਰਾ ਸਾਡੇ ਘਰ ਆਕੇ ਕਹਿੰਦੇ ਕਿ ਤੁਹਾਡੇ ਲੜਕੇ ਦੀ ਹਾਲਤ ਠੀਕ ਨਹੀਂ | ਅਸੀਂ ਜਾ ਕੇ ਦੇਖਿਆ ਤਾਂ ਹਿੰਮਤ ਦੀ ਹਾਲਤ ਅਤਿ ਖ਼ਰਾਬ ਸੀ, ਉਸਦੇ ਮੂੰਹ ਚੋਂ ਝੱਗ ਨਿਕਲ ਰਹੀ ਸੀ ਅਤੇ ਉਸਦੀ ਬਾਂਹ ਵਿਚ ਇਕ ਸਰਿੰਜ ਲੱਗੀ ਹੋਈ ਸੀ | ਅਸੀਂ ਤੁਰੰਤ ਲੜਕੇ ਨੂੰ ਇਲਾਜ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਂਦਾ ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ | ਉੱਧਰ ਤਲਵੰਡੀ ਸਾਬੋ ਪੁਲਸ ਨੇ ਮਿ੍ਤਕ ਦੀ ਮਾਤਾ ਰਾਣੋ ਕੌਰ ਦੇ ਬਿਆਨਾਂ 'ਤੇ ਕਾਕੜ ਸਿੰਘ ਉਰਫ਼ ਸੁਖਵਿੰਦਰ ਸਿੰਘ, ਰਾਜਾ ਸਿੰਘ, ਗੁਰਪ੍ਰੀਤ ਸਿੰਘ ਵਾਸੀਆਨ ਲੇਲੇਵਾਲਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ | ਤਲਵੰਡੀ ਸਾਬੋ ਦੇ ਡੀ.ਐੱਸ.ਪੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਤਿੰਨੇ ਕਥਿਤ ਦੋਸ਼ੀਆਂ 'ਚੋਂ ਰਾਜਾ ਸਿੰਘ ਅਤੇ ਗੁਰਪ੍ਰੀਤ ਸਿੰਘ ਨੂੰ ਕਾਬੂ ਕਰ ਲਿਆ ਹੈ, ਜਦੋਂਕਿ ਤੀਜੇ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਪੰਜਾਬ ਭਰ 'ਚ 3,100 ਸਟੇਡੀਅਮਾਂ ਦਾ ਕੰਮ ਜੂਨ 2026 ਤੱਕ ਮੁਕੰਮਲ ਕਰਨ ਦੇ ਨਿਰਦੇਸ਼ <br/> ਅਗਲੀ ਖ਼ਬਰ ਜੇਲ੍ਹ ਵਿਭਾਗ 'ਚ 532 ਅਸਾਮੀਆਂ ਲਈ ਭਰਤੀ ਨੂੰ ਮਨਜ਼ੂਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।