ਮੋਗਾ, 16 ਜੂਨ (ਗੁਰਤੇਜ ਸਿੰਘ ਬੱਬੀ)-ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਮੋਗਾ ਦੇ ਸੀ.ਆਈ.ਏ. ਸਟਾਫ਼ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦ ਉਨ੍ਹਾਂ 5 ਨਾਜਾਇਜ਼ ਪਿਸਟਲਾਂ ਸਮੇਤ 5 ਨੌਜਵਾਨਾਂ ਨੂੰ ਕਾਬੂ ਕਰ ਲਿਆ | ਅੱਜ ਇਸ ਸਬੰਧੀ ਐਸ.ਪੀ.ਆਈ. ਬਾਲ ਕ੍ਰਿਸ਼ਨ ਸਿੰਗਲਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਦਲਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਜਦ ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਪਿੰਡ ਲੰਢੇਕੇ ਅੰਮਿ੍ਤਸਰ ਰੋਡ ਮੋਗਾ ਵਿਖੇ ਮੌਜੂਦ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪ੍ਰਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਲੰਢੇਕੇ, ਹਰਵਿੰਦਰ ਸਿੰਘ ਉਰਫ਼ ਹਿੰਦਾ ਵਾਸੀ ਸੈਦੋਕੇ ਜ਼ਿਲ੍ਹਾ ਮੋਗਾ, ਜਸਕਰਨ ਸਿੰਘ ਉਰਫ਼ ਰਾਜਾ ਵਾਸੀ ਮੱਲਕੇ ਜ਼ਿਲ੍ਹਾ ਮੋਗਾ, ਰਾਮਜੋਤ ਸਿੰਘ ਉਰਫ਼ ਜੋਤ ਵਾਸੀ ਅਪੈਕਸ ਕਾਲੋਨੀ ਮੋਗਾ, ਕੁਲਵੰਤ ਸਿੰਘ ਉਰਫ਼ ਗੋਪਾ ਵਾਸੀ ਅਟਾਲ ਮਜਾਰਾ ਜ਼ਿਲ੍ਹਾ ਨਵਾਂ ਸ਼ਹਿਰ ਜੋ ਕਿ ਇਕ ਗੈਂਗ ਬਣਾ ਕੇ ਜ਼ਿਲ੍ਹਾ ਮੋਗਾ ਤੇ ਆਸ-ਪਾਸ ਦੇ ਇਲਾਕਿਆਂ ਵਿਚ ਅਸਲੇ ਦੀ ਨਾਜਾਇਜ਼ ਸਪਲਾਈ ਕਰਦੇ ਸਨ ਤੇ ਹੁਣ ਉਹ ਨਾਜਾਇਜ਼ ਅਸਲੇ ਸਮੇਤ ਲੰਢੇਕੇ ਪੁਲਿਸ ਛਾਉਣੀ ਕੋਲ ਖੜ੍ਹੇ ਕਿਸੇ ਦੀ ਉਡੀਕ ਕਰ ਰਹੇ ਹਨ | ਮਿਲੀ ਸੂਚਨਾ ਦੇ ਆਧਾਰ 'ਤੇ ਜਦ ਪੁਲਿਸ ਨੇ ਉਕਤ ਜਗ੍ਹਾ 'ਤੇ ਰੇਡ ਕੀਤੀ ਤਾਂ ਪ੍ਰਦੀਪ ਸਿੰਘ, ਹਰਵਿੰਦਰ ਸਿੰਘ ਉਰਫ਼ ਹਿੰਦਾ ਨੂੰ ਲੰਢੇਕੇ ਫ਼ੌਜੀ ਛਾਉਣੀ ਤੋਂ ਕਾਬੂ ਕਰ ਲਿਆ ਤੇ ਉਨ੍ਹਾਂ ਕੋਲੋਂ 5 ਪਿਸਟਲ ਦੇਸੀ 32 ਬੋਰ, ਇਕ ਦੇਸੀ ਕੱਟਾ 315 ਬੋਰ ਸਮੇਤ 2 ਜਿੰਦਾ ਰੌਂਦ ਤੇ 10 ਜਿੰਦਾ ਰੌਂਦ 32 ਬੋਰ ਵੀ ਬਰਾਮਦ ਹੋਏ | ਐਸ.ਪੀ. ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਕਿ ਗਿ੍ਫ਼ਤਾਰ ਕੀਤੇ 5 ਨੌਜਵਾਨਾਂ ਨੂੰ ਅਦਾਲਤ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ |
ਪੁਲਿਸ ਵਲੋਂ ਪੰਜ ਨਾਜਾਇਜ਼ ਪਿਸਟਲਾਂ ਸਮੇਤ 5 ਨੌਜਵਾਨ ਕਾਬੂ
ਅਜੀਤ ਡੈਸਕ
17-06-2025