ਬਾਘਾ ਪੁਰਾਣਾ, 17 ਜੂਨ (ਟਿੰਕੂ ਕਾਠਪਾਲ)- ਸ਼ਹੀਦ ਬਾਬਾ ਤੇਗਾ ਸਿੰਘ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਦੱਸਿਆ ਕਿ ਕਿ ਇਸ ਪਵਿੱਤਰ ਅਸਥਾਨ ਦੇ ਬਾਨੀ ਸੰਤ ਬਾਬਾ ਨਛੱਤਰ ਸਿੰਘ ਜੋ 18 ਜੂਨ 2011 ਨੂੰ ਸਰੀਰਕ ਚੋਲਾ ਤਿਆਗ ਗਏ ਸਨ, ਉਨ੍ਹਾਂ ਦੀ ਨਿੱਘੀ ਯਾਦ 'ਚ ਹਰ ਸਾਲ ਵਾਂਗ ਇਸ ਵਾਰ ਵੀ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ | 18 ਜੂਨ ਦਿਨ ਬੁੱਧਵਾਰ ਨੂੰ ਸੰਤ ਬਾਬਾ ਨਛੱਤਰ ਸਿੰਘ ਦੀ ਯਾਦ ਵਿਚ ਨਿਰੰਤਰ ਚੱਲ ਰਹੀ ਅਖੰਡ ਪਾਠਾਂ ਦੀ ਲੜੀ ਜੋ ਬੰਦੀ ਛੋੜ ਦਿਵਸ ਤੋਂ ਚੱਲ ਰਹੀ ਹੈ, ਉਸ ਦੇ ਭੋਗ ਪਾਏ ਜਾਣਗੇ | ਇਸ ਉਪਰੰਤ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਰੱਬੀ ਬਾਣੀ ਦਾ ਗੁਰਬਾਣੀ ਕੀਰਤਨ ਹੋਵੇਗਾ | ਇਸ ਕੀਰਤਨ ਦਰਬਾਰ ਵਿਚ ਪੰਜਾਬ ਦੇ ਪ੍ਰਸਿੱਧ ਰਾਗੀ ਜਥੇ ਸ਼ਰਧਾਲੂਆਂ ਨੂੰ ਗੁਰਬਾਣੀ ਨਾਲ ਜੋੜਨਗੇ | ਸਮਾਗਮ ਦਾ ਮੁੱਖ ਉਦੇਸ਼ ਸੰਤ ਬਾਬਾ ਨਛੱਤਰ ਸਿੰਘ ਦੇ ਜੀਵਨ ਅਤੇ ਉਪਦੇਸ਼ਾਂ ਨੂੰ ਯਾਦ ਕਰਦਿਆਂ ਸੰਗਤ ਨੂੰ ਸਿੱਖੀ ਦੇ ਮਾਰਗ 'ਤੇ ਚੱਲਣ ਲਈ ਪ੍ਰੇਰਿਤ ਕਰਨਾ ਹੈ | ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਬਖੂਹੇ ਵਾਲਿਆਂ ਨੇ ਸਮੂਹ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਕੀਰਤਨ ਦਰਬਾਰ ਵਿਚ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਣ |