ਕਿਸ਼ਨਪੁਰਾ ਕਲਾਂ, 18 ਜੂਨ (ਪਰਮਿੰਦਰ ਸਿੰਘ ਗਿੱਲ, ਅਮੋਲਕ ਸਿੰਘ ਕਲਸੀ)-ਬੀਤੇ ਦਿਨੀਂ ਅਹਿਮਦਾਬਾਦ ਵਿਚ ਏਅਰ ਇੰਡੀਆ ਦੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਘਟਨਾ ਬੇਹੱਦ ਦੁਖਦਾਈ ਹੈ | ਇਹ ਪ੍ਰਗਟਾਵਾ ਟੈਕਨੀਕਲ ਸਰਵਿਸ ਯੂਨੀਅਨ ਦੇ ਸਾਬਕਾ ਪ੍ਰਧਾਨ ਪ੍ਰਕਾਸ਼ ਸਿੰਘ ਬੁੱਟਰ ਤੇ ਸਹਿਕਾਰੀ ਸਭਾ ਤਲਵੰਡੀ ਮੱਲ੍ਹੀਆਂ ਦੇ ਵਾਈਸ ਪ੍ਰਧਾਨ ਰਘਬੀਰ ਸਿੰਘ ਬੁੱਟਰ ਨੇ ਆਪਣੇ ਗ੍ਰਹਿ ਪਿੰਡ ਕੋਕਰੀ ਬੁੱਟਰਾਂ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਅਜਿਹੀਆਂ ਦੁਖਦਾਈ ਘਟਨਾਵਾਂ ਦੇ ਕਾਰਨਾਂ ਦਾ ਪਤਾ ਲਗਾਉਣ 'ਤੇ ਭਵਿੱਖ 'ਚ ਇਨ੍ਹਾਂ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਜ਼ਰੂਰਤ ਹੈ | ਉਨ੍ਹਾਂ ਇਸ ਦੁਖਦਾਈ ਘਟਨਾ 'ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਜਿੱਥੇ ਸਾਡੇ ਦੇਸ਼ ਦੇ ਹਰ ਨਾਗਰਿਕ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ ਉੱਥੇ ਪੀੜਤ ਪਰਿਵਾਰਾਂ ਨੂੰ ਵੀ ਇਕ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ, ਜਿਸ ਦੀ ਭਰਪਾਈ ਸਾਰੀ ਜ਼ਿੰਦਗੀ 'ਚ ਨਹੀਂ ਕੀਤੀ ਜਾ ਸਕਦੀ | ਇਸ ਸਮੇਂ ਉਨ੍ਹਾਂ ਜਹਾਜ਼ ਹਾਦਸੇ 'ਚ ਵਿੱਛੜ ਚੁੱਕੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਦੋ ਮਿੰਟ ਦਾ ਮੌਨ ਧਾਰਨ ਕਰਕੇ ਗੁਰੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕਿ ਪ੍ਰਮਾਤਮਾ ਉਨ੍ਹਾਂ ਵਿੱਛੜੀਆਂ ਹੋਈਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ | ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਕੇ ਇਸ ਦੇ ਕਾਰਨਾਂ ਨੂੰ ਜਨਤਕ ਕੀਤਾ ਜਾਵੇ | ਇਸ ਮੌਕੇ ਉਨ੍ਹਾਂ ਦੇ ਨਾਲ ਸਰਪੰਚ ਮਨਦੀਪ ਸਿੰਘ, ਸਾਬਕਾ ਸਰਪੰਚ ਕੈਪਟਨ ਅਜੈਬ ਸਿੰਘ, ਸਾਬਕਾ ਸਰਪੰਚ ਬਲਦੇਵ ਸਿੰਘ ਬੁੱਟਰ, ਪ੍ਰਕਾਸ਼ ਸਿੰਘ ਪੰਚ, ਨਾਜ਼ਰ ਸਿੰਘ ਪੰਚ, ਜਗਤਾਰ ਸਿੰਘ ਪੰਚ, ਜਗਤਾਰ ਸਿੰਘ ਤਾਰਾ ਪੰਚ, ਬਾਜ ਸਿੰਘ, ਨੈਬ ਸਿੰਘ, ਨੰਬਰਦਾਰ ਗੁਰਸੇਵਕ ਸਿੰਘ, ਹਰਦੀਪ ਸਿੰਘ ਸੁਸਾਇਟੀ ਮੈਂਬਰ, ਧਰਮਿੰਦਰ ਸਿੰਘ ਰਿੰਪਾ, ਜਗਤਾਰ ਸਿੰਘ ਬੁੱਟਰ, ਜਗਬੀਰ ਸਿੰਘ ਬੁੱਟਰ, ਬਬਲਾ ਬੁੱਟਰ, ਅਨਮੋਲ ਗਰੇਵਾਲ, ਪਿ੍ੰਸੀਪਲ ਜਗਰੂਪ ਸਿੰਘ ਆਦਿ ਹਾਜ਼ਰ ਸਨ |