ਮੋਗਾ, 19 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਪੁਲਿਸ ਵਲੋਂ ਨਸ਼ਿਆਂ ਦੀ ਰੋਕਥਾਮ ਅਤੇ ਸਮਾਜ ਦੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਾਰਵਾਈਆਂ ਲਗਾਤਾਰ ਜਾਰੀ ਹਨ ਤਾਂ ਕਿ ਸੂਬੇ ਦੀ ਨੌਜਵਾਨ ਪੀੜ੍ਹੀ ਨੂੰ ਮੁੜ ਤੋਂ ਨਸ਼ਾ ਰਹਿਤ ਕੀਤਾ ਜਾ ਸਕੇ | ਅੱਜ ਫਿਰ ਇਸ ਮੁਹਿੰਮ ਤਹਿਤ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਆਪ੍ਰੇਸ਼ਨ (ਕਾਸੋ) ਅਭਿਆਨ ਚਲਾਇਆ ਗਿਆ | ਐਸ.ਐਸ.ਪੀ. ਮੋਗਾ ਅਜੇ ਗਾਂਧੀ ਦੀ ਯੋਗ ਅਗਵਾਈ 'ਚ ਸਵੇਰੇ 6 ਵਜੇ ਤੋਂ 10 ਵਜੇ ਤੱਕ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਡਰੱਗ ਹੋਟਸਪੋਟ ਅਤੇ ਹੋਰ ਸ਼ੱਕੀ ਸਥਾਨਾਂ 'ਤੇ ਇਹ ਆਪ੍ਰੇਸ਼ਨ ਚਲਾਇਆ ਗਿਆ | ਇਸ ਦੌਰਾਨ 2 ਡੀ.ਐਸ.ਪੀ., 7 ਇੰਸਪੈਕਟਰ/ਐਸ.ਐਚ.ਓ. ਅਤੇ 140 ਐਨ.ਜੀ.ਓ., ਈ.ਪੀ.ਓ. ਭਾਵ ਕੁੱਲ 149 ਪੁਲਿਸ ਕਰਮਚਾਰੀ ਹਾਜ਼ਰ ਸਨ | ਇਨ੍ਹਾਂ ਵਲੋਂ ਵੱਖ-ਵੱਖ ਟੀਮਾਂ ਬਣਾ ਕੇ ਸਬ-ਡਵੀਜ਼ਨ ਨਿਹਾਲ ਸਿੰਘ ਵਾਲਾ ਦੇ ਕਸਬਾ ਬੱਧਨੀ ਕਲਾਂ, ਰਾਊਕੇ, ਨਿਹਾਲ ਸਿੰਘ ਵਾਲਾ, ਹਿੰਮਤਪੁਰਾ, ਬਿਲਾਸਪੁਰ ਆਦਿ ਵਿਚ ਚੈਕਿੰਗ ਕੀਤੀ ਗਈ | ਇਸ ਤੋਂ ਇਲਾਵਾ ਸਬ-ਡਵੀਜ਼ਨ ਧਰਮਕੋਟ ਦੇ ਥਾਣਾ ਮਹਿਣਾ ਅਧੀਨ ਆਉਂਦੇ ਪਿੰਡ ਤਲਵੰਡੀ ਭੰਗੇਰੀਆਂ, ਡਾਲਾ, ਬਹੋਨਾ, ਦਾਤਾ, ਬੁੱਘੀਪੁਰਾ, ਰੌਲੀ ਆਦਿ ਵਿਚ ਚੈਕਿੰਗ ਕੀਤੀ ਗਈ | ਐਸ.ਐਸ.ਪੀ. ਮੋਗਾ ਅਜੇ ਗਾਂਧੀ ਨੇ ਦੱਸਿਆ ਕਿ ਚੈਕਿੰਗ ਦੌਰਾਨ 90 ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਉੱਪਰ ਤਲਾਸ਼ੀ ਅਭਿਆਨ ਚਲਾਇਆ ਗਿਆ ਅਤੇ ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਇਸ ਤੋਂ ਇਲਾਵਾ 20 ਸ਼ੱਕੀ ਵਹੀਕਲਾਂ ਨੂੰ ਵੀ ਚੈੱਕ ਕੀਤਾ ਗਿਆ ਹੈ | ਉਨ੍ਹਾਂ ਇਸ ਕਾਰਵਾਈ ਵਿਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਆਪ੍ਰੇਸ਼ਨ ਸ਼ਾਂਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ |