22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਜ਼ਿਲ੍ਹੇ ਭਰ 'ਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਅਜੀਤ ਡੈਸਕ 22-06-2025

ਕਿਹਾ, ਸੀ.ਐਮ ਦੀ ਯੋਗਸ਼ਾਲਾ ਸਕੀਮ ਨੌਜਵਾਨਾਂ ਨੂੰ ਨਸ਼ਿਆਂ 'ਚੋਂ ਕੱਢਣ ਦੇ ਨਾਲ-ਨਾਲ ਰੋਜ਼ਗਾਰ ਵਿਚ ਵੀ ਨਿਭਾਅ ਰਹੀ ਅਹਿਮ ਭੂਮਿਕਾ
ਮੋਗਾ 'ਚ ਸੀ.ਐਮ. ਦੀ ਯੋਗਸ਼ਾਲਾ ਤਹਿਤ ਮਨਾਏ ਯੋਗ ਦਿਵਸ ਦੌਰਾਨ ਵੱਡੀ ਗਿਣਤੀ 'ਚ ਲੋਕਾਂ ਵਲੋਂ ਸ਼ਮੂਲੀਅਤ

ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਪੰਜਾਬ ਸਰਕਾਰ ਦੀ ਮਹੱਤਵਪੂਰਨ ਸਿਹਤ ਯੋਜਨਾ ਸੀ.ਐਮ. ਦੀ ਯੋਗਸ਼ਾਲਾ ਦੇ ਤਹਿਤ ਅੱਜ ਜ਼ਿਲ੍ਹਾ ਮੋਗਾ ਦੇ ਕਸ਼ਮੀਰੀ ਪਾਰਕ ਵਿਚ ਅੰਤਰ-ਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ | ਇਸ ਸਮਾਗਮ ਦੌਰਾਨ ਵੱਡੀ ਗਿਣਤੀ ਵਿਚ ਆਮ ਲੋਕਾਂ, ਵਿਦਿਆਰਥੀਆਂ, ਯੋਗਾ ਇੰਸਟਰਕਟਰਾਂ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜਿਕ ਸੰਗਠਨਾਂ ਨੇ ਸ਼ਮੂਲੀਅਤ ਕੀਤੀ | ਡਿਪਟੀ ਕਮਿਸ਼ਨਰ ਮੋਗਾ ਸਾਗਰ ਸੇਤੀਆ ਨੇ ਇਸ ਸਮਾਗਮ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਹਰ ਘਰ ਵਿਚ ਯੋਗ ਹੋਵੇ ਅਤੇ ਹਰੇਕ ਘਰ ਦੇ ਮੈਂਬਰ ਰੋਗ ਮੁਕਤ ਜ਼ਿੰਦਗੀ ਜਿਊਣ | ਇਸ ਸੋਚ ਨੂੰ ਅੱਗੇ ਵਧਾਉਂਦੇ ਹੋਏ ਅੰਤਰ-ਰਾਸ਼ਟਰੀ ਯੋਗ ਦਿਵਸ ਨੂੰ ਇਕ ਜਨਤਕ ਜਸ਼ਨ ਵਜੋਂ ਮਨਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਯੋਗਾ ਦਾ ਅਭਿਆਸ ਦੁਨੀਆ ਭਰ ਵਿਚ ਸਿਹਤਮੰਦ ਜੀਵਨ ਸ਼ੈਲੀ ਦਾ ਹਿੱਸਾ ਬਣ ਚੁੱਕਿਆ ਹੈ | ਇਹ ਡਿਪਰੈਸ਼ਨ, ਥਕਾਵਟ, ਚਿੰਤਾ ਅਤੇ ਤਣਾਅ ਨੂੰ ਘੱਟ ਕਰਨ ਵਿਚ ਵੀ ਮਦਦ ਕਰਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀ.ਐਮ. ਦੀ ਯੋਗਸ਼ਾਲਾ ਪ੍ਰੋਗਰਾਮ ਦਾ ਪੇਂਡੂ ਖੇਤਰਾਂ ਵਿਚ ਵੀ ਵਿਸਥਾਰ ਕੀਤਾ ਜਾ ਰਿਹਾ ਹੈ | ਨੌਜਵਾਨਾਂ ਨੂੰ ਸਿਹਤਮੰਦ ਬਣਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਲੋਂ ਸੀ.ਐਮ. ਦੀ ਯੋਗਸ਼ਾਲਾ ਸਕੀਮ ਤਹਿਤ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਡਿਪਟੀ ਕਮਿਸ਼ਨਰ ਵਲੋਂ ਸਭ ਤੋਂ ਵਧੀਆ ਯੋਗਾ ਕਰਨ ਵਾਲੇ 24 ਵਿਅਕਤੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਜ਼ਿਲ੍ਹਾ ਤੇ ਸਬ ਡਵੀਜ਼ਨ ਪੱਧਰ 'ਤੇ ਜੇਕਰ ਗੱਲ ਕੀਤੀ ਜਾਵੇ ਤਾਂ ਕੁੱਲ 55 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਵਿਚ ਮੇਅਰ ਨਗਰ ਨਿਗਮ ਮੋਗਾ ਬਲਜੀਤ ਸਿੰਘ ਚਾਨੀ, ਵਧੀਕ ਡਿਪਟੀ ਕਮਿਸ਼ਨਰ (ਜ) ਚਾਰੂਮਿਤਾ, ਐਸ.ਐਸ.ਪੀ. ਅਜੇ ਗਾਂਧੀ, ਮੁੱਖ ਮੰਤਰੀ ਫ਼ੀਲਡ ਅਫ਼ਸਰ ਗਗਨਦੀਪ, ਐਸ.ਪੀ.(ਡੀ) ਸੰਦੀਪ ਸਿੰਘ, ਜ਼ਿਲ੍ਹਾ ਆਯੁਰਵੈਦਿਕ ਅਫ਼ਸਰ ਡਾ. ਪਲਵਿੰਦਰ ਸਿੰਘ, ਸੀ.ਐਮ. ਦੀ ਯੋਗਸ਼ਾਲਾ ਸਕੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਭਾਰਤੀ ਭਾਵਨਾ, ਆਯੂਸ਼ ਹਸਪਤਾਲ ਤੋਂ ਡਾ. ਗੁਰਪ੍ਰੀਤ ਸਿੰਘ ਮੌਜੂਦ ਸਨ | ਉੱਚ ਪੱਧਰੀ ਸਿਵਲ, ਪੁਲਿਸ ਅਧਿਕਾਰੀਆਂ ਆਦਿ ਨੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਲੋਕਾਂ ਨਾਲ ਯੋਗਾ ਦੇ ਮਾਹਿਰ ਇੰਸਟਰਕਟਰਾਂ ਨਾਲ ਯੋਗ ਕਿਰਿਆਵਾਂ ਕੀਤੀਆਂ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਕ ਸਿਹਤਮੰਦ ਮਨ ਬਿਮਾਰ ਸਰੀਰ ਵਿਚ ਨਹੀਂ ਰਹਿ ਸਕਦਾ | ਜੇਕਰ ਮਨ ਤੰਦਰੁਸਤ ਨਹੀਂ ਤਾਂ ਵਿਚਾਰ ਵੀ ਤੰਦਰੁਸਤ ਨਹੀਂ ਹੋ ਸਕਦੇ ਅਤੇ ਜਦੋਂ ਵਿਚਾਰ ਹੀ ਤੰਦਰੁਸਤ ਨਹੀਂ ਤਾਂ ਕਰਮ ਦਾ ਅਭਿਆਸ ਕਿਵੇਂ ਹੋਵੇਗਾ, ਮਨੁੱਖ ਆਪਣੇ ਕਰਤੱਵ ਕਿਵੇਂ ਨਿਭਾਏਗਾ | ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਬਣਾਉਣ ਲਈ ਯੋਗਾ ਜ਼ਰੂਰੀ ਹੈ | ਉਨ੍ਹਾਂ ਹਰੇਕ ਵਿਅਕਤੀ ਨੂੰ ਸਿਹਤਮੰਦ ਰਹਿਣ ਲਈ ਯੋਗ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਹ ਪਹਿਲਕਦਮੀ ਸੂਬੇ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਵਿਚ ਵੀ ਕਾਰਗਰ ਸਾਬਤ ਹੋਈ ਹੈ | ਸੀ.ਐਮ. ਦੀ ਯੋਗਸ਼ਾਲਾ ਸਕੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਭਾਰਤੀ ਭਾਵਨਾ ਨੇ ਕਿਹਾ ਕਿ ਇਸ ਵੇਲੇ ਮੋਗਾ ਵਿਚ 97 ਕਲਾਸਾਂ ਤੋਂ ਇਲਾਵਾ 57 ਕਲਾਸਾਂ ਪੇਂਡੂ ਖੇਤਰਾਂ ਵਿਚ ਵੀ ਲਗਾਈਆਂ ਜਾ ਰਹੀਆਂ ਹਨ | ਮੋਗਾ ਜ਼ਿਲ੍ਹੇ ਦੇ 5000 ਤੋਂ ਵਧੇਰੇ ਵਿਅਕਤੀ ਸੀ.ਐਮ. ਦੀ ਯੋਗਸ਼ਾਲਾ ਨਾਲ ਰਜਿਸਟਰਡ ਹਨ | ਜ਼ਿਲ੍ਹੇ ਤੋਂ ਇਲਾਵਾ ਸਮੂਹ ਸਬ ਡਵੀਜ਼ਨਾਂ ਵਿਚ ਵੀ ਸਮੂਹਿਕ ਯੋਗ ਅਭਿਆਸ ਪ੍ਰੋਗਰਾਮ, ਯੋਗ ਪ੍ਰਦਰਸ਼ਨ, ਸਿਹਤ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਗਈਆਂ |
ਅਜੀਤਵਾਲ, (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਢੁੱਡੀਕੇ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਉਤਸ਼ਾਹ ਪੂਰਵਕ ਮਨਾਉਂਦਿਆਂ ਕਾਲਜ ਦੇ ਕੌਮੀ ਸੇਵਾ ਯੋਜਨਾ ਯੂਨਿਟ ਵਲੋਂ ਆਨਲਾਈਨ ਅਤੇ ਆਫ ਲਾਈਨ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ | ਪੰਜਾਬ ਯੂਨੀਵਰਸਿਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਲਜ ਵਲੋਂ ਵਿਦਿਆਰਥੀ ਨੂੰ ਗਰਮੀ ਦੀਆਂ ਛੁੱਟੀਆਂ ਹੋਣ ਕਰਕੇ ਘਰਾਂ ਵਿਚ ਯੋਗਾ ਨਾਲ ਜੁੜਦਿਆਂ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਕੇ ਹੋਰਨਾਂ ਨੂੰ ਵੀ ਯੋਗਾ ਲਈ ਪ੍ਰੇਰਿਤ ਕਰਨ ਲਈ ਕਿਹਾ ਗਿਆ | ਕਾਲਜ ਪਿ੍ੰਸੀਪਲ ਡਾ. ਉਮੇਸ਼ ਕੁਮਾਰੀ ਨੇ ਦੱਸਿਆ ਕਿ ਬੀ.ਐਡ., ਐਮ.ਐਡ. ਅਤੇ ਈ.ਟੀ.ਟੀ. ਦੇ ਵਿਦਿਆਰਥੀਆਂ ਨੇ ਯੋਗ ਦਿਵਸ ਨੂੰ ਉਤਸ਼ਾਹ ਨਾਲ ਮਨਾਉਂਦਿਆਂ ਇਸ ਨਾਲ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਫਾਇਦਿਆਂ ਨੂੰ ਸਾਂਝਾ ਕਰਦਿਆਂ ਗਤੀਵਿਧੀਆਂ ਨੂੰ ਸੰਪੂਰਨ ਕੀਤਾ | ਸੀਨੀਅਰ ਪ੍ਰੋਫੈਸਰ ਡਾ. ਅਜੇ ਕੁਮਾਰ ਨੇ ਕਿਹਾ ਕਿ ਯੋਗ ਰਾਹੀਂ ਸਰੀਰਕ, ਮਾਨਸਿਕ, ਬੌਧਿਕ ਤੰਦਰੁਸਤੀ ਹਾਸਲ ਹੁੰਦੀ ਹੈ | ਇਸ ਲਈ ਹਰ ਇਨਸਾਨ ਨੂੰ ਰੋਜ਼ਾਨਾ ਯੋਗਾ ਕਰਨਾ ਚਾਹੀਦਾ ਹੈ |
ਨਿਹਾਲ ਸਿੰਘ ਵਾਲਾ, (ਪਲਵਿੰਦਰ ਸਿੰਘ ਟਿਵਾਣਾ)-ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਵਿਸ਼ਵ ਯੋਗਾ ਦਿਵਸ ਮਨਾਇਆ ਗਿਆ | ਪ੍ਰੋਗਰਾਮ ਅਫਸਰ ਗੁਰਚਰਨ ਸਿੰਘ ਰਾਮਾਂ ਨੇ ਪਿਛਲੇ ਸਾਲਾਂ ਵਾਂਗ ਇਸ ਵਾਰ ਵੀ ਵਿਦਿਆਰਥੀਆਂ ਨੂੰ ਵੱਖ-ਵੱਖ ਆਸਣ ਕਰਵਾਉਂਦਿਆਂ ਉਨ੍ਹਾਂ ਦੇ ਫਾਇਦਿਆਂ ਬਾਰੇ ਵੀ ਨਾਲੋ-ਨਾਲ ਰੌਸ਼ਨੀ ਪਾਈ | ਪਿ੍ੰਸੀਪਲ ਮਹਿੰਦਰ ਕੌਰ ਢਿੱਲੋਂ ਨੇ ਸਪਸ਼ਟ ਕੀਤਾ ਕਿ ਯੋਗ ਭਜਾਏ ਰੋਗ | ਉਨ੍ਹਾਂ ਕਿਹਾ ਕਿ ਰੋਜ਼ਾਨਾ ਯੋਗ ਕਰਨ ਨਾਲ ਸਰੀਰ ਫਿੱਟ ਰਹਿੰਦਾ ਹੈ | ਸਕੂਲ ਪ੍ਰਬੰਧਕ ਤੇ ਬਾਨੀ ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਯੋਗ ਦੇ ਵੱਖ-ਵੱਖ ਆਸਣਾਂ ਦੇ ਲਾਭਾਂ ਬਾਰੇ ਦੱਸਦਿਆਂ ਯੋਗ ਰਾਹੀਂ ਰੋਗ ਮੁਕਤ ਤੰਦਰੁਸਤ ਜੀਵਨ ਬਤੀਤ ਕਰਨ ਦੀ ਸਲਾਹ ਦਿੱਤੀ | ਵਾਈਸ ਪਿ੍ੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਤੰਦਰੁਸਤ ਸਰੀਰ ਵਿਚ ਹੀ ਤੰਦਰੁਸਤ ਮਨ ਵਿਕਸਤ ਹੁੰਦਾ ਹੈ | ਇਸ ਦੌਰਾਨ ਹੋਰ ਅਧਿਆਪਕਾਂ ਨੇ ਵੀ ਆਪੋ ਆਪਣੇ ਵਿਚਾਰ ਪ੍ਰਗਟ ਕੀਤੇ |
ਮੋਗਾ, (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਦੁਆਰਾ ਅੰਤਰ-ਰਾਸ਼ਟਰੀ ਯੋਗ ਦਿਵਸ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ, ਸਬ ਡਵੀਜ਼ਨਾਂ ਨਿਹਾਲ ਸਿੰਘ ਵਾਲਾ ਤੇ ਬਾਘਾ ਪੁਰਾਣਾ, ਅਯੁੱਧਿਆ ਧਾਮ ਰਾਮ ਮੰਦਰ, ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਤੇ ਪਾਰਸ ਮਸਾਲਾ ਫ਼ੈਕਟਰੀ ਵਿਖੇ ਮਨਾਇਆ ਗਿਆ | ਦੀਪਕ ਸਿੱਬਲ ਜਸਟਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਕਮ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਅਤੇ ਸਰਬਜੀਤ ਸਿੰਘ ਧਾਲੀਵਾਲ ਜ਼ਿਲ੍ਹਾ ਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਅਤੇ ਸ਼ਿਲਪੀ ਗੁਪਤਾ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਦੀ ਅਗਵਾਈ ਹੇਠ 21 ਜੂਨ ਨੂੰ ਜ਼ਿਲ੍ਹੇ ਦੇ ਜੁਡੀਸ਼ੀਅਲ ਕੋਰਟ ਕੰਪਲੈਕਸ ਮੋਗਾ ਵਿਖੇ ਅਨਮੋਲ ਯੋਗ ਸੇਵਾ ਸੰਮਤੀ ਮੋਗਾ ਦੇ ਸਹਿਯੋਗ ਨਾਲ ਯੋਗਾ ਕਰਵਾ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਤੇ ਯੋਗਾ ਸੇ ਨਿਆਏ ਤੱਕ ਤਹਿਤ ਸੈਮੀਨਾਰ ਕਰਵਾਇਆ ਗਿਆ | ਇਸ ਵਿਚ ਜੱਜ, ਲੀਗਲ ਏਡ ਡਿਫੈਂਸ ਕੌਂਸਲ ਅਤੇ ਸਟਾਫ਼ ਮੈਂਬਰਾਂ ਸਹਿਤ 100 ਦੇ ਕਰੀਬ ਵਿਅਕਤੀਆਂ ਨੇ ਭਾਗ ਲਿਆ | ਮਿਸ ਪਾਰੁਲ ਐਸ.ਡੀ.ਜੇ.ਐਮ. ਕਮ ਚੇਅਰਮੈਨ ਉਪ ਮੰਡਲ ਪੱਧਰ ਕਾਨੂੰਨੀ ਸੇਵਾਵਾਂ ਕਮੇਟੀ ਬਾਘਾ ਪੁਰਾਣਾ ਅਗਵਾਈ ਹੇਠ ਕੋਰਟ ਕੰਪਲੈਕਸ ਬਾਘਾ ਪੁਰਾਣਾ ਵਿਖੇ ਵੀ ਯੋਗਾ ਕਰਵਾ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਵਕੀਲ ਸਾਹਿਬਾਨ ਅਤੇ ਸਟਾਫ਼ ਮੈਂਬਰਾਂ ਸਹਿਤ 30 ਵਿਅਕਤੀਆਂ ਨੇ ਭਾਗ ਲਿਆ | ਮਿਸ ਸ਼ਿਵਾਂਗੀ ਸਾਗਰ ਐਸ.ਡੀ.ਜੇ.ਐਮ. ਕਮ ਚੇਅਰਮੈਨ ਉਪ ਮੰਡਲ ਪੱਧਰ ਕਾਨੂੰਨੀ ਸੇਵਾਵਾਂ ਕਮੇਟੀ ਨਿਹਾਲ ਸਿੰਘ ਵਾਲਾ ਦੀ ਅਗਵਾਈ ਹੇਠ ਕੋਰਟ ਕੰਪਲੈਕਸ ਨਿਹਾਲ ਸਿੰਘ ਵਾਲਾ ਵਿਖੇ ਵੀ ਬਲਜੀਤ ਸ਼ਰਮਾ ਇੰਸਟਰਕਟਰ ਵਲੋਂ ਯੋਗਾ ਕਰਵਾ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ, ਜਿਸ ਵਿਚ ਵਕੀਲ ਸਾਹਿਬਾਨ ਅਤੇ ਸਟਾਫ਼ ਮੈਂਬਰਾਂ ਸਹਿਤ 35 ਵਿਅਕਤੀਆਂ ਨੇ ਭਾਗ ਲਿਆ | ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਅਨਮੋਲ ਯੋਗ ਸੇਵਾ ਸੰਮਤੀ (ਰਜਿ.) ਮੋਗਾ ਦੇ ਸਹਿਯੋਗ ਨਾਲ ਸਬ ਜੇਲ੍ਹ ਮੋਗਾ ਵਿਖੇ ਵੀ 109 ਹਵਾਲਾਤੀਆਂ ਤੇ ਕੈਦੀਆਂ ਨੂੰ ਯੋਗ ਕਰਵਾਇਆ ਗਿਆ ਤੇ ਯੋਗ ਦੇ ਸਿਹਤਮੰਦ ਤਨ ਅਤੇ ਮਨ ਲਈ ਫ਼ਾਇਦਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ | ਇਸ ਤੋਂ ਇਲਾਵਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਅਨਮੋਲ ਯੋਗ ਸੇਵਾ ਸੰਮਤੀ (ਰਜਿ.) ਮੋਗਾ ਦੇ ਸਹਿਯੋਗ ਨਾਲ ਅਯੁੱਧਿਆ ਧਾਮ ਰਾਮ ਮੰਦਰ ਮੋਗਾ ਤੇ ਪਾਰਸ ਮਸਾਲਾ ਫ਼ੈਕਟਰੀ ਮੋਗਾ ਵਿਖੇ ਵੀ ਯੋਗ ਕਰਵਾ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਅਤੇ ਉਪਰੰਤ 'ਯੋਗਾ ਸੇ ਨਿਆਏ ਤੱਕ' ਤਹਿਤ ਸੈਮੀਨਾਰ ਕਰਵਾਇਆ ਗਿਆ | ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਮੋਗਾ ਵਲੋਂ ਬਾਬਾ ਕੁੰਦਨ ਸਿੰਘ ਲਾਅ ਕਾਲਜ ਧਰਮਕੋਟ ਜ਼ਿਲ੍ਹਾ ਮੋਗਾ ਵਿਖੇ ਵੀ ਯੋਗ ਕਰਵਾ ਕੇ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਸ਼ਿਲਪੀ ਗੁਪਤਾ ਮਾਣਯੋਗ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਮੋਗਾ ਨੇ ਸੈਮੀਨਾਰ ਦੌਰਾਨ ਵਕੀਲ ਸਾਹਿਬਾਨਾਂ ਅਤੇ ਸਟਾਫ਼ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ ਅਤੇ ਨਾਲ ਹੀ ਆਪਣੇ ਆਲੇ-ਦੁਆਲੇ ਦੀ ਆਮ ਜਨਤਾ ਨੂੰ ਵੀ ਯੋਗ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਤਾਂ ਜੋ ਆਪਣੀ ਅਤੇ ਆਪਣੇ ਸਹਿਕਰਮੀਆਂ ਦੀ ਸਿਹਤ ਤੰਦਰੁਸਤ ਰਹੇ ਤਾਂ ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਖ਼ੁਸ਼ਹਾਲੀ ਆਵੇ |
ਮੋਗਾ, (ਜਸਪਾਲ ਸਿੰਘ ਬੱਬੀ)-ਐਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਫਿਜ਼ੀਕਲ ਐਜੂਕੇਸ਼ਨ ਵਿਭਾਗ, ਐਨ.ਐਸ.ਐਸ. ਅਤੇ ਐਨ.ਸੀ.ਸੀ. ਯੂਨਿਟ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ | ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਦੱਸਿਆ ਕਿ ਯੋਗਾ ਦਿਵਸ ਹਰ ਵਰ੍ਹੇ 21 ਜੂਨ ਮਨਾਇਆ ਜਾਂਦਾ ਹੈ | ਜਿਸ ਦਾ ਮੰਤਵ ਯੋਗ ਦੇ ਮਹੱਤਵ ਅਤੇ ਉਦੇਸ਼ ਬਾਰੇ ਜਾਗਰੂਕ ਕਰਨਾ ਹੈ | ਉਨ੍ਹਾਂ ਕਿਹਾ ਕਿ ਯੋਗਾ ਸਰੀਰਕ ਤੰਦਰੁਸਤੀ ਬਣਾਈ ਰੱਖਦਾ ਹੈ | ਫਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਨਮਿਤਾ ਬਰਮਨ ਨੇ ਐਨ.ਐਸ.ਐਸ. ਯੂਨਿਟ ਦੇ ਵਲੰਟੀਅਰਜ਼ ਅਤੇ ਕਾਲਜ ਵਿਦਿਆਰਥਣਾਂ ਨੂੰ ਯੋਗਾ ਦੇ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਯੋਗ ਆਸਣਾਂ ਦਾ ਸਹੀ ਤਰੀਕੇ ਨਾਲ ਅਭਿਆਸ ਕਰਵਾਇਆ | ਐਨ.ਸੀ.ਸੀ. ਯੂਨਿਟ ਦੇ ਕੈਡਿਟਸ ਨੇ ਪੰਜ ਪੰਜਾਬ ਗਰਲਜ਼ ਬਟਾਲੀਅਨ ਐਨ.ਸੀ.ਸੀ. ਮੋਗਾ ਵਲੋਂ ਯੋਗਾ ਵਿਚ ਭਾਗ ਲਿਆ ਗਿਆ |
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਗਿਆਰ੍ਹਵਾਂ ਅੰਤਰਰਾਸ਼ਟਰੀ ਯੋਗ ਦਿਵਸ ਸਥਾਨਕ ਨੇਚਰ ਪਾਰਕ ਨੇੜੇ ਗਊਸ਼ਾਲਾ ਮਸੀਤਾਂ ਰੋਡ ਕੋਟ ਈਸੇ ਖਾਂ ਵਿਖੇ ਯੋਗ ਟਰੇਨਰ ਸਿਮਰਜੀਤ ਕੌਰ ਅਤੇ ਮਾ. ਸ਼ੁਮਾਰ ਸਿੰਘ ਦੀ ਅਗਵਾਈ ਹੇਠ ਵੱਡੇ ਪੱਧਰ 'ਤੇ ਮਨਾਇਆ ਗਿਆ | ਜਿਸ ਵਿਚ ਆਪ ਆਗੂ ਪ੍ਰਕਾਸ਼ ਸਿੰਘ ਰਾਜਪੂਤ, ਬਲਵੰਤ ਸਿੰਘ ਰਾਮੂਵਾਲੀਆ, ਸੁਭਾਸ਼ ਚੰਦਰ ਅਤੇ ਨਗਰ ਕੌਂਸਲ ਦੇ ਮੈਂਬਰ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਸਮੁੱਚੇ ਪ੍ਰੋਗਰਾਮ ਨੂੰ ਰਜਿੰਦਰ ਸਿੰਘ ਖਹਿਰਾ ਵਲੋਂ ਸੁਚੱਜੇ ਢੰਗ ਨਾਲ ਚਲਾਇਆ ਗਿਆ | ਕੇ. ਕੇ. ਤਿਵਾੜੀ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ | ਲੇਖਕ ਵਿਵੇਕ ਨੇ ਯੋਗ ਨੂੰ ਸਮਰਪਿਤ ਕਵਿਤਾ ਸੁਣਾਈ | ਐਮ.ਸੀ. ਪ੍ਰਦੀਪ ਕੁਮਾਰ ਪਲਤਾ ਨੇ ਸਮੁੱਚੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੱਤੀ | ਗੁਰਚਰਨ ਸਿੰਘ ਪਟਵਾਰੀ, ਸੁਰਜੀਤ ਸਿੰਘ, ਪਵਨ ਕੁਮਾਰ, ਵਿਵੇਕ ਕੁਮਾਰ, ਸਿਵਾਏ ਲੂਥਰਾ, ਓਮ ਪ੍ਰਕਾਸ਼, ਮਨੀਸ਼ ਕੁਮਾਰ, ਸਾਬਕਾ ਐਮ.ਸੀ. ਰਾਜਨ ਵਰਮਾ, ਟਿੰਮੀ ਸਦਿਓੜਾ, ਰਿੰਕੂ ਗੁਲਾਟੀ, ਅਮਿਤ ਕਾਲੜਾ, ਸੋਨੂੰ ਵਰਮਾ, ਪੱਟੀ ਨਾਰੰਗ, ਮੁਕੇਸ਼ ਪਲਤਾ, ਨਛੱਤਰ ਸਿੰਘ ਜੋਧਾ, ਮੋਹਨ ਲਾਲ ਤਿਵਾੜੀ, ਉਮੇਸ਼ ਯਾਦਵ, ਰੌਸ਼ਨ ਗਰੋਵਰ, ਤਿਲਕ ਰਾਜ ਸ਼ਰਮਾ, ਮਿੰਟੂ ਸੱਗੂ, ਪ੍ਰਦੀਪ ਕੁਮਾਰ ਪਲਤਾ ਯੋਗ ਸਾਧਕਾਂ ਨੇ ਯੋਗ ਕਿਰਿਆਵਾਂ ਵਿਚ ਭਾਗ ਲਿਆ | ਯੋਗ ਟਰੇਨਰ ਮੈਡਮ ਰਾਣੀ ਨੇ ਸਾਰੇ ਪ੍ਰੋਗਰਾਮ ਦੀ ਨਿਗਰਾਨੀ ਕੀਤੀ |
ਧਰਮਕੋਟ, (ਪਰਮਜੀਤ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਧਰਮਕੋਟ ਵਲੋਂ ਪਤੰਜਲੀ ਯੋਗ ਸੰਸਥਾਨ ਧਰਮਕੋਟ ਦੇ ਸਹਿਯੋਗ ਨਾਲ ਕਾਲਜ ਰੋਡ ਯੋਗ ਸੰਸਥਾਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਯੋਗਾ ਸਾਧਕ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਮਾ. ਗੌਰਵ ਸ਼ਰਮਾ ਨੇ ਯੋਗ ਦਿਵਸ ਦੇ ਇਤਿਹਾਸ ਅਤੇ ਯੋਗ ਕਰਨ ਦੇ ਲਾਭ ਦੱਸਦੇ ਹੋਏ ਸਭ ਨੂੰ ਹਰ ਰੋਜ਼ ਇਕ ਘੰਟਾ ਸਵੇਰੇ ਯੋਗ ਕਰਨ ਲਈ ਸਭ ਨੂੰ ਪ੍ਰੇਰਿਤ ਕੀਤਾ | ਮਾਸਟਰ ਗੌਰਵ ਸ਼ਰਮਾ ਨੇ ਯੋਗਾ ਦੀਆਂ ਵੱਖ-ਵੱਖ ਗਤੀਵਿਧੀਆਂ ਅਤੇ ਆਸਣ ਮਨੋਰੰਜਕ ਢੰਗ ਨਾਲ ਕਰਵਾ ਕੇ ਸਭ ਨੂੰ ਤਣਾਅ ਮੁਕਤ ਕਰ ਦਿੱਤਾ | ਯੋਗ ਸਾਧਕ ਕਸਤੂਰੀ ਲਾਲ ਵਲੋਂ ਸ਼ਿਸ਼ੂ ਹੰਸੀ ਕਿਰਿਆ ਬਾਖੂਬੀ ਕਰਵਾਈ ਗਈ | ਪਤੰਜਲੀ ਯੋਗ ਸੰਸਥਾਨ ਦੇ ਪ੍ਰਮੁੱਖ ਉਗਰਸੇਨ ਨੌਹਰੀਆ ਨੇ ਸਭ ਸਾਧਕਾਂ ਨੂੰ ਯੋਗ ਦਿਵਸ ਦੀ ਵਧਾਈ ਦਿੱਤੀ | ਇਸ ਸਮੇਂ ਮਹਿਲਾ ਯੋਗ ਮੰਡਲ ਦੇ ਪ੍ਰਧਾਨ ਮੈਡਮ ਸਰੋਜ ਬਾਲਾ, ਚੇਅਰਮੈਨ ਭਾਰਤ ਵਿਕਾਸ ਪ੍ਰੀਸ਼ਦ ਅਤੁਲ ਨੌਹਰੀਆ, ਪ੍ਰੋਜੈਕਟ ਇੰਚਾਰਜ ਸਚਿਨ ਗਰੋਵਰ, ਗੌਰਵ ਦਾਬੜਾ, ਮਾਸਟਰ ਮੁਖਤਿਆਰ ਸਿੰਘ, ਸਰਜੀਵਨ ਲਾਲ, ਪਾਰਥ ਸ਼ਰਮਾ ਹਾਜ਼ਰ ਸਨ |
ਫਤਿਹਗੜ੍ਹ ਪੰਜਤੂਰ, 21 ਜੂਨ (ਜਸਵਿੰਦਰ ਸਿੰਘ ਪੋਪਲੀ)-ਸ੍ਰੀ ਹੇਮਕੁੰਟ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਫਤਿਹਗੜ੍ਹ ਪੰਜਤੂਰ ਵਲੋਂ ਪਿ੍ੰਸੀਪਲ ਅਮਰਦੀਪ ਸਿੰਘ ਦੀ ਅਗਵਾਈ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ | ਇਸ ਸਮੇਂ ਵਿਦਿਆਰਥੀਆਂ ਨੇ ਵੱਖ-ਵੱਖ ਤਰ੍ਹਾਂ ਦੇ ਯੋਗ ਆਸਣ ਕੀਤੇ | ਬੱਚਿਆਂ ਨੇ ਯੋਗ ਦਿਵਸ ਨਾਲ ਸਬੰਧਿਤ ਪੋਸਟਰ ਅਤੇ ਸਲੋਗਨ ਵੀ ਬਣਾਏ | ਪਿ੍ੰਸੀਪਲ ਅਮਰਦੀਪ ਸਿੰਘ ਨੇ ਦੱਸਿਆ ਕਿ ਅੱਜ ਕੱਲ੍ਹ ਦੀ ਤਣਾਅ ਭਰੀ ਜ਼ਿੰਦਗੀ ਵਿਚ ਤਨ ਮਨ ਨੂੰ ਤਾਜ਼ਾ ਰੱਖਣ ਲਈ ਯੋਗ ਆਸਣ ਬਹੁਤ ਜ਼ਰੂਰੀ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਹੈ ਯੋਗ ਦਿਵਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਹਿਲੀ ਵਾਰ 21 ਜੂਨ 2015 ਨੂੰ ਪੂਰੇ ਵਿਸ਼ਵ ਵਿਚ ਮਨਾਇਆ ਗਿਆ ਸੀ | ਇਹ ਦਿਨ ਉੱਤਰੀ ਗੋਲਿਸਫਾਇਰ ਵਿਚ ਸਾਲ ਦਾ ਸਭ ਤੋਂ ਲੰਬਾ ਦਿਨ ਹੈ ਅਤੇ ਦੁਨੀਆ ਦੇ ਕਈ ਹਿੱਸਿਆਂ ਵਿਚ ਇਕ ਵਿਸ਼ੇਸ਼ ਮਹੱਤਵ ਸਾਂਝਾ ਕਰਦਾ ਹੈ | ਇਹ ਦਿਨ ਪ੍ਰਾਚੀਨ ਭਾਰਤ ਤੋਂ ਸ਼ੁਰੂ ਹੋਏ ਯੋਗਾ ਦੀ ਸਦੀਵੀ ਬੁੱਧੀ ਦਾ ਸਨਮਾਨ ਕਰਦਾ ਹੈ | ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਲਈ ਇਕ ਨਵਾਂ ਥੀਮ ਤਹਿ ਕੀਤਾ ਜਾਂਦਾ ਹੈ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਦੱਸਿਆ ਕਿ ਯੋਗ ਇਕ ਅਜਿਹੀ ਕਸਰਤ ਹੈ ਜਿਸ ਰਾਹੀਂ ਤੰਦਰੁਸਤੀ ਭਰੀ ਜ਼ਿੰਦਗੀ ਦੇ ਨਾਲ-ਨਾਲ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ |
ਕੋਟ ਈਸੇ ਖਾਂ, (ਨਿਰਮਲ ਸਿੰਘ ਕਾਲੜਾ)-ਕੈਂਬਰਿਜ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਗਰਮੀਆਂ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੇ ਘਰ ਵਿਚ ਰਹਿੰਦੇ ਹੋਏ ਯੋਗ ਦੇ ਵੱਖ-ਵੱਖ ਆਸਣ ਕੀਤੇ ਅਤੇ ਆਪਣੀਆਂ ਤਸਵੀਰਾਂ ਸਕੂਲ ਨੂੰ ਭੇਜੀਆਂ | ਯੋਗ ਦਿਵਸ ਮਨਾਉਣ ਦਾ ਮੁੱਖ ਉਦੇਸ਼ ਬੱਚਿਆਂ ਵਿਚ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਨ ਦੀ ਸ਼ਾਂਤੀ, ਚਿੱਤ ਦੀ ਇਕਾਗਰਤਾ ਅਤੇ ਨੈਤਿਕ ਮੁੱਲਾਂ ਦੀ ਵਿਕਾਸ ਕਰਨਾ ਸੀ | ਸਕੂਲ ਦੇ ਚੇਅਰਮੈਨ ਨੇ ਕਿਹਾ ਗਿਆ ਕਿ ਸਾਡਾ ਮਕਸਦ ਬੱਚਿਆਂ ਨੂੰ ਸਿਰਫ ਅਕੈਡਮਿਕ ਹੀ ਨਹੀਂ ਸਗੋਂ ਸਰੀਰਕ, ਮਾਨਸਿਕ ਅਤੇ ਆਤਮਿਕ ਤੌਰ 'ਤੇ ਵੀ ਮਜ਼ਬੂਤ ਬਣਾਉਣਾ ਹੈ | ਪਿ੍ੰਸੀਪਲ ਨੇ ਕਿਹਾ ਕਿ ਯੋਗਾ ਸਿਰਫ ਇਕ ਸਰੀਰਕ ਕਸਰਤ ਨਹੀਂ ਸਗੋਂ ਇਹ ਮਨ, ਸਰੀਰ ਅਤੇ ਆਤਮਾ ਦੀ ਸੁਤੰਤਰਤਾ ਵਾਲਾ ਸੰਯੋਗ ਹੈ |
ਬਾਘਾ ਪੁਰਾਣਾ, (ਟਿੰਕੂ ਕਾਠਪਾਲ)-ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਯੋਗਾ ਦੀ ਮਹਾਨਤਾ ਨੂੰ ਦਰਸਾਉਂਦੇ ਹੋਏ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਪੰਜਾਬ ਕੋਐਜੂਕੇਸ਼ਨ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਦੇ ਬਾਨੀ ਪਿ੍ੰ. ਗੁਰਦੇਵ ਸਿੰਘ ਨੇ ਬੱਚਿਆਂ ਨੂੰ ਯੋਗ ਦੀ ਮਹੱਤਤਾ ਬਾਰੇ ਦੱਸਿਆ ਕਿ ਯੋਗ ਸਰੀਰ ਨੂੰ ਫੁਰਤੀਲਾ ਬਣਾਉਂਦਾ ਹੈ | ਯੋਗ ਕਰਨ ਨਾਲ ਸ਼ੂਗਰ, ਬਲੱਡ ਪੈ੍ਰਸ਼ਰ, ਦਿਲ ਦੇ ਰੋਗ, ਸਾਹ ਦੀਆਂ ਬਿਮਾਰੀਆਂ, ਸਰਵਾਈਕਲ ਵਰਗੇ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ | ਇਸ ਮੌਕੇ ਪ੍ਰਾਇਮਰੀ ਵਿੰਗ ਦੇ ਡੀ.ਪੀ. ਅਧਿਆਪਕ ਹਰਪ੍ਰੀਤ ਕੌਰ ਨੇ ਬੱਚਿਆਂ ਨੂੰ ਆਨਲਾਈਨ ਯੋਗਾ ਕਰਵਾਇਆ ਅਤੇ ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ ਮੈਡਮ ਰਿਚਾ ਨੇ ਬੱਚਿਆਂ ਨੂੰ ਯੋਗ ਕਰਨ ਦੇ ਫਾਇਦੇ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਕੂਲ ਦੇ ਪਿ੍ੰਸੀਪਲ ਅਤੇ ਡਾਇਰੈਕਟਰ ਸੰਦੀਪ ਮਹਿਤਾ ਨੇ ਦੱਸਿਆ ਕਿ ਇਸ ਦਿਨ ਆਦਿ ਯੋਗੀ ਭਗਵਾਨ, ਸ਼ਿਵ ਨੇ ਆਪਣੇ ਚੇਲਿਆ ਨੂੰ ਯੋਗ ਦਾ ਗਿਆਨ ਦਿੱਤਾ ਸੀ | ਇਸ ਦਿਨ ਨੂੰ ਯੋਗ ਦੀ ਉਤਪਤੀ ਵੀ ਕਿਹਾ ਜਾਂਦਾ ਹੈ | ਉਨ੍ਹਾਂ ਬੱਚਿਆਂ ਨੂੰ ਸੁਨੇਹਾ ਦਿੱਤਾ ਕਿ ਜੇਕਰ ਬੱਚੇ ਖੇਡਣ ਕੁੱਦਣ, ਕਸਰਤ, ਯੋਗ ਵਿਚ ਧਿਆਨ ਦੇਣਗੇ ਤਾਂ ਹੀ ਉਨ੍ਹਾਂ ਦਾ ਸਰੀਰ ਰਿਸ਼ਟ ਪੁਸ਼ਟ ਰਹੇਗਾ | ਉਨ੍ਹਾਂ ਮਾਂ-ਬਾਪ ਨੂੰ ਵੀ ਬੱਚਿਆਂ ਦੀ ਸਹਾਇਤਾ ਕਰਨ ਦੀ ਅਪੀਲ ਕੀਤੀ ਤੇ ਬੱਚਿਆਂ ਦੀ ਸਿਹਤ ਵੱਲ ਖਾਸ ਧਿਆਨ ਦੇਣ ਲਈ ਕਿਹਾ |
ਮੋਗਾ, (ਸੁਰਿੰਦਰਪਾਲ ਸਿੰਘ)-ਡੀ.ਐਸ. ਬਲੌਸਮ ਹਾਈ ਸਕੂਲ ਨਾਨਕ ਨਗਰੀ ਮੋਗਾ ਵਿਖੇ ਯੋਗ ਦਿਵਸ ਮਨਾਇਆ ਗਿਆ | ਇਸ ਸਕੂਲ ਦੇ ਪ੍ਰਧਾਨ ਪ੍ਰੇਮ ਚੰਦ ਗੁਪਤਾ, ਡਾਇਰੈਕਟਰ ਮੇਜਰ ਸਤਿੰਦਰ ਸਿੰਘ, ਪਿ੍ੰਸੀਪਲ ਤੇਜਿੰਦਰ ਸਿੰਘ, ਵਾਈਸ ਪਿ੍ੰਸੀਪਲ ਅਮਨਦੀਪ ਕੌਰ ਤੇ ਸਮੂਹ ਅਧਿਆਪਕਾਂ ਨੇ ਯੋਗ ਦੇ ਗੁਣਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਮੌਕੇ ਅਧਿਆਪਕ ਸਾਹਿਬਾਨਾਂ ਨੇ ਸਵੇਰ ਸਮੇਂ ਕੀਤੇ ਯੋਗਾ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ | ਅਧਿਆਪਕ ਸੀਮਾ ਰਾਣੀ, ਅਨਮੋਲ ਸਚਦੇਵਾ, ਪੂਜਾ ਰਾਣੀ, ਵੰਦਨਾ ਬਾਂਸਲ ਤੇ ਸਮੂਹ ਸਟਾਫ਼ ਮੈਂਬਰਾਂ ਨੇ ਯੋਗਾ ਕਰ ਕੇ ਸਰੀਰ ਨੂੰ ਨਿਰੋਗ ਰੱਖਣ ਦੇ ਗੁਣ ਹਾਸਲ ਕੀਤੇ ਤੇ ਅਧਿਆਪਕ ਸਾਹਿਬਾਨਾਂ ਵਲੋਂ ਪ੍ਰਣ ਕੀਤਾ ਗਿਆ ਕਿ ਉਹ ਹਰ ਰੋਜ਼ ਆਪਣੇ ਸਰੀਰ ਨੂੰ ਸਵੇਰੇ ਯੋਗ ਨਾਲ ਕੰਮ ਕਾਰ ਸ਼ੁਰੂ ਕਰਨਗੇ ਤਾਂ ਜੋ ਉਹ ਤਣਾਅ ਤੋਂ ਬਚ ਸਕਣ | ਇਸ ਮੌਕੇ ਪ੍ਰੇਮ ਚੰਦ ਗੁਪਤਾ ਨੇ ਸਮੂਹ ਸਟਾਫ਼ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਇਸ ਯੋਗ ਦਿਵਸ ਵਿਚ ਭਾਗ ਲੈ ਕੇ ਇਸ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ |
ਮੋਗਾ, (ਸੁਰਿੰਦਰਪਾਲ ਸਿੰਘ)-ਟੈਗੋਰ ਕਾਲਜ ਆਫ਼ ਐਜੂਕੇਸ਼ਨ ਕੋਰੋਟਾਣਾ ਵਿਖੇ ਅੱਜ ਕੌਮਾਂਤਰੀ ਯੋਗਾ ਦਿਵਸ ਮਨਾਇਆ ਗਿਆ ਜਿਸ ਵਿਚ ਟੈਗੋਰ ਕਾਲਜ ਦੇ ਚੇਅਰਮੈਨ ਸਤਵੰਤ ਸਿੰਘ ਦਾਨੀ ਨੇ ਵਿਸ਼ੇਸ਼ ਤੌਰ 'ਤੇ ਬੀ.ਐਡ ਦੇ ਬੱਚਿਆਂ ਨੂੰ ਯੋਗਾ ਦਿਵਸ ਦੇ ਬਾਰੇ ਵਿਸਥਾਰ ਸਹਿਤ ਦੱਸਿਆ ਜਿਸ ਵਿਚ ਟੈਗੋਰ ਕਾਲਜ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ | ਇਸ ਮੌਕੇ ਟੈਗੋਰ ਕਾਲਜ ਦੇ ਚੇਅਰਮੈਨ ਸਤਵੰਤ ਸਿੰਘ ਦਾਨੀ ਨੇ ਯੋਗਾ ਦੀ ਮਹਾਨਤਾ ਨੂੰ ਦੱਸਦਿਆਂ ਕਿਹਾ ਕਿ ਕਿਵੇਂ ਸਾਨੂੰ ਯੋਗਾ ਦੇ ਨਾਲ ਤੰਦਰੁਸਤ ਅਤੇ ਨਿਰੋਗ ਰਹਿਣ ਦੀ ਜਾਂਚ ਮਿਲਦੀ ਹੈ ਅਤੇ ਕਿਹੜੇ ਵੱਖੋ ਵੱਖਰੇ ਆਸਣਾਂ ਦੇ ਨਾਲ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗ ਆਸਣਾਂ ਬਾਰੇ ਅਤੇ ਉਨ੍ਹਾਂ ਦੇ ਫ਼ਾਇਦਿਆਂ ਬਾਰੇ ਜਾਣਕਾਰੀ ਦਿੱਤੀ ਜਿਸ ਦਾ ਟੈਗੋਰ ਕਾਲਜ ਦੇ ਵਿਦਿਆਰਥੀਆਂ ਨੇ ਭਰਪੂਰ ਫ਼ਾਇਦਾ ਲਿਆ | ਇਸ ਮੌਕੇ ਟੈਗੋਰ ਕਾਲਜ ਦਾ ਸਾਰਾ ਸਟਾਫ਼ ਹਾਜ਼ਰ ਸੀ |
ਮੋਗਾ, (ਸੁਰਿੰਦਰਪਾਲ ਸਿੰਘ)-ਸ਼ੁਕਦੇਵਾ ਕ੍ਰਿਸ਼ਨਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਘੱਲ ਕਲਾਂ ਮੋਗਾ ਵਿਚ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ | ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮੋਨਿਕਾ ਵਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੁਨੀਆ ਭਰ ਵਿਚ 11ਵਾਂ ਅੰਤਰ-ਰਾਸ਼ਟਰੀ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ | ਵਿਸ਼ਵ ਨੂੰ ਸਿਹਤਮੰਦ ਜੀਵਨ ਜਿਊਣ ਦਾ ਸੰਦੇਸ਼ ਦੇਣ ਲਈ ਹਰ ਸਾਲ 21 ਜੂਨ ਨੂੰ ਅੰਤਰ-ਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ | ਇਸ ਨੂੰ 2015 ਵਿਚ ਸ਼ੁਰੂ ਕੀਤਾ ਗਿਆ ਹੈ | ਯੋਗ ਭਾਰਤ ਦੀ ਪ੍ਰਾਚੀਨ ਪਰੰਪਰਾ ਦਾ ਇਕ ਅਨਮੋਲ ਤੋਹਫ਼ਾ ਹੈ | ਇਹ ਮਨ ਤੇ ਸਰੀਰ ਵਿਚ ਇਕਸੁਰਤਾ ਪੈਦਾ ਕਰਦਾ ਹੈ | ਸਾਨੂੰ ਆਪਣੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ | ਯੋਗ ਸਾਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਾ ਕੇ ਸਾਡੀ ਮਦਦ ਕਰਦਾ ਹੈ | ਇਸ ਮੌਕੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯੋਗ ਨੂੰ ਨਿਯਮਿਤ ਰੂਪ ਵਿਚ ਆਪਣੇ ਜੀਵਨ ਵਿਚ ਅਪਣਾਉਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਵਿਦਿਆਰਥਣਾਂ ਦੁਆਰਾ ਵਿਭਿੰਨ ਪ੍ਰਕਾਰ ਦੇ ਯੋਗ ਆਸਣ ਵੀ ਕੀਤੇ ਗਏ | ਇਸ ਮੌਕੇ ਪਿ੍ੰਸੀਪਲ ਡਾ. ਮੋਨਿਕਾ ਵਰਮਾ ਤੋਂ ਇਲਾਵਾ ਕਾਲਜ ਦੇ ਚੇਅਰਮੈਨ ਡਾ. ਅਸ਼ੋਕ ਗਰਗ, ਡਾਇਰੈਕਟਰ ਸੁਧੀਰ ਗਰਗ, ਜਨਰਲ ਸੈਕਟਰੀ ਡਾ. ਨੀਨਾ ਗਰਗ, ਸੈਕਟਰੀ ਡਾ. ਰਾਘਵ ਗਰਗ ਵੀ ਮੌਜੂਦ ਸਨ |
ਧਰਮਕੋਟ, (ਪਰਮਜੀਤ ਸਿੰਘ)-ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਕਾਲਜ ਵਿਖੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਿਟੀ ਐਸ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਵਿਸ਼ਵ ਯੋਗ ਦਿਵਸ ਮਨਾਇਆ ਗਿਆ | ਇਸ ਮੌਕੇ ਡਾ. ਮਧੂ ਸ਼ਰਮਾ (ਕਾਰਜਕਾਰੀ ਪਿ੍ੰਸੀਪਲ) ਵਲੋਂ ਯੋਗਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ | ਉਨ੍ਹਾਂ ਦੱਸਿਆ ਕਿ ਯੋਗ ਦਾ ਅਰਥ ਹੈ ਜੋੜਨਾ | ਇਹ ਇਕ ਪ੍ਰਕਾਰ ਦੀ ਕਸਰਤ ਹੈ, ਜਿਸ ਵਿਚ ਅਨੇਕ ਤਰ੍ਹਾਂ ਦੇ ਯੋਗ ਆਸਣ ਕੀਤੇ ਜਾਂਦੇ ਹਨ | ਇਸ ਦਿਵਸ ਨੂੰ ਮਨਾਉਣ ਦਾ ਪ੍ਰਸਤਾਵ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਨੂੰ ਦਿੱਤਾ ਸੀ | ਵਿਸ਼ਵ ਯੋਗ ਦਿਵਸ ਪਹਿਲੀ ਵਾਰੀ 21 ਜੂਨ 2015 ਵਿਚ ਮਨਾਇਆ ਗਿਆ ਸੀ | ਹੁਣ ਹਰ ਸਾਲ 21 ਜੂਨ ਨੂੰ ਮਨਾਇਆ ਜਾਂਦਾ ਹੈ | ਇਹ ਦਿਵਸ ਲੋਕਾਂ ਨੂੰ ਯੋਗਾ ਦੇ ਲਾਭ ਪ੍ਰਤੀ ਜਾਗਰੂਕ ਕਰਨ ਲਈ ਮਨਾਇਆ ਜਾਂਦਾ ਹੈ | ਯੋਗ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਮਨ ਸ਼ਾਂਤ ਰਹਿੰਦਾ ਹੈ | ਇਹ ਸਰੀਰ ਨੂੰ ਮਨ ਨਾਲ ਜੋੜਨ ਦਾ ਕੰਮ ਕਰਦਾ ਹੈ | ਇਸ ਮੌਕੇ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਕੂਲ ਦੇ ਵਲੰਟੀਅਰਾਂ ਵਲੋਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਅਗਲੀ ਖ਼ਬਰ ਮਾਨ ਦਲ ਨੇ ਕੋਟ ਈਸੇ ਖਾਂ ਵਿਖੇ ਮਨਾਇਆ ਅੰਤਰਰਾਸ਼ਟਰੀ ਗਤਕਾ ਦਿਵਸ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।