ਮੋਗਾ, 21 ਜੂਨ (ਸੁਰਿੰਦਰਪਾਲ ਸਿੰਘ)-ਇਸਕੋਨ ਪ੍ਰਚਾਰ ਸੰਮਤੀ ਮੋਗਾ ਨੇ ਅੱਜ ਸ਼ਹਿਰ ਦੀਆਂ ਤਿੰਨ ਪ੍ਰਮੁੱਖ ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਨੂੰ ਆਉਣ ਵਾਲੀ 1 ਜੁਲਾਈ ਨੂੰ ਪੰਜਵੀਂ ਭਗਵਾਨ ਜਗਨਨਾਥ ਰਥ ਯਾਤਰਾ ਲਈ ਵਿਸ਼ੇਸ਼ ਸੱਦਾ ਪੱਤਰ ਭੇਟ ਕੀਤੇ ਗਏ | ਕਮੇਟੀ ਦੇ ਚੇਅਰਮੈਨ ਦੇਵ ਪਿ੍ਆ ਤਿਆਗੀ, ਪ੍ਰਧਾਨ ਨਵਦੀਪ ਗੁਪਤਾ, ਕੈਸ਼ੀਅਰ ਰਜਨੀਸ਼ ਕੁਮਾਰ, ਪ੍ਰੋਜੈਕਟ ਡਾਇਰੈਕਟਰ ਵਿੱਕੀ ਮਹਿੰਦੀਰੱਤਾ ਅਤੇ ਮੈਂਬਰ ਰੋਮੀ ਬਾਂਸਲ ਨੇ ਇਹ ਸੱਦਾ ਪੱਤਰ ਸਮਾਜ ਸੇਵੀ ਚੇਅਰਮੈਨ ਸੰਜੀਵ ਸੈਣੀ, ਕਾਂਗਰਸ ਹਲਕਾ ਇੰਚਾਰਜ ਮਾਲਵਿਕਾ ਸੂਦ ਅਤੇ ਰਾਈਸ ਬ੍ਰਾਨ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਨਵੀਨ ਸਿੰਗਲਾ ਨੂੰ ਸੌਂਪੇ | ਸੰਜੀਵ ਸੈਣੀ ਦਾ ਨਿਰਸਵਾਰਥ ਜੀਵਨ ਸਮਾਜ ਲਈ ਪ੍ਰੇਰਨਾਦਾਇਕ ਮੰਨਿਆ ਜਾਂਦਾ ਹੈ, ਜਦੋਂ ਕਿ ਮਾਲਵਿਕਾ ਸੂਦ ਆਪਣੇ ਭਰਾ ਸੋਨੂੰ ਸੂਦ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ 24 ਘੰਟੇ ਸਮਾਜ ਸੇਵਾ ਵਿਚ ਲੱਗੀ ਰਹਿੰਦੀ ਹੈ | ਨਵੀਨ ਸਿੰਗਲਾ ਧਾਰਮਿਕ ਸਮਾਗਮ ਕਰ ਕੇ ਅਤੇ ਲੋੜਵੰਦਾਂ ਦੀ ਮਦਦ ਕਰ ਕੇ ਸਮਾਜਿਕ ਜ਼ਿੰਮੇਵਾਰੀ ਨਿਭਾਉਂਦੇ ਹਨ | ਆਗੂਆਂ ਨੇ ਦੱਸਿਆ ਕਿ ਰਥ ਯਾਤਰਾ 1 ਜੁਲਾਈ ਨੂੰ ਦੁਪਹਿਰ 3 ਵਜੇ ਥਾਣਾ ਸਿਟੀ ਪਾਰਕਿੰਗ/ਸ਼ਰਮਾ ਟਰੈਵਲਜ਼ ਤੋਂ ਸ਼ੁਰੂ ਹੋਵੇਗੀ ਅਤੇ ਗੀਤਾ ਭਵਨ ਚੌਕ 'ਤੇ ਸਮਾਪਤ ਹੋਵੇਗੀ | ਰਸਤੇ ਵਿਚ 10 ਭਗਤੀ ਸਟੇਜਾਂ ਬਣਾਈਆਂ ਜਾਣਗੀਆਂ, ਜਿੱਥੇ ਭਜਨ ਗਾਇਕਾਂ ਦੀਆਂ ਮਿੱਠੀਆਂ ਆਵਾਜ਼ਾਂ ਮਾਹੌਲ ਨੂੰ ਅਧਿਆਤਮਿਕ ਬਣਾ ਦੇਣਗੀਆਂ | ਚੇਅਰਮੈਨ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਇਹ ਯਾਤਰਾ ਸੰਸਾਰਕ ਮੋਹ ਤੋਂ ਮੁਕਤੀ ਦਾ ਪ੍ਰਤੀਕ ਹੈ | ਭਗਤਾਂ ਦੁਆਰਾ ਤੇਜ਼ ਗਰਮੀ ਵਿਚ ਰਥ ਨੂੰ ਖਿੱਚਣਾ ਪ੍ਰਭੂ ਵਿਚ ਅਟੁੱਟ ਵਿਸ਼ਵਾਸ ਨੂੰ ਦਰਸਾਉਂਦਾ ਹੈ | ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਇਸ ਪਵਿੱਤਰ ਮੌਕੇ 'ਤੇ ਸੇਵਾ ਦੀ ਭਾਵਨਾ ਨਾਲ ਸ਼ਾਮਿਲ ਹੋਣ | ਪ੍ਰਧਾਨ ਨਵਦੀਪ ਗੁਪਤਾ ਨੇ ਕਿਹਾ ਕਿ ਇਹ ਸਮਾਗਮ ਸਮਾਜਿਕ ਸਦਭਾਵਨਾ ਅਤੇ ਅਧਿਆਤਮਿਕ ਏਕਤਾ ਦੀ ਇਕ ਜਿਊਾਦੀ ਜਾਗਦੀ ਉਦਾਹਰਨ ਹੈ | ਸਾਡਾ ਉਦੇਸ਼ ਸਮਾਜ ਵਿਚ ਨੈਤਿਕ ਕਦਰਾਂ-ਕੀਮਤਾਂ ਨੂੰ ਸ਼ਰਧਾ ਰਾਹੀਂ ਪੈਦਾ ਕਰਨਾ ਹੈ | ਕਮੇਟੀ ਨੇ ਮੋਗਾ ਦੇ ਲੋਕਾਂ ਨੂੰ ਇਸ ਇਤਿਹਾਸਕ ਯਾਤਰਾ ਵਿਚ ਉਤਸ਼ਾਹ ਨਾਲ ਹਿੱਸਾ ਲੈਣ ਦੀ ਬੇਨਤੀ ਕੀਤੀ ਹੈ | ਇਹ ਨਾ ਸਿਰਫ਼ ਵਿਸ਼ਵਾਸ ਦਾ ਪ੍ਰਦਰਸ਼ਨ ਹੈ ਬਲਕਿ ਸਮਾਜ ਨੂੰ ਨਸ਼ਾ, ਵਿਤਕਰੇ ਅਤੇ ਹਿੰਸਾ ਵਰਗੀਆਂ ਬੁਰਾਈਆਂ ਤੋਂ ਦੂਰ ਲਿਜਾਣ ਦਾ ਇਕ ਸਾਧਨ ਵੀ ਹੈ | ਸੇਵਾ ਕਾਰਜ ਵਿਚ ਸਹਿਯੋਗ ਕਰਨ ਦੇ ਚਾਹਵਾਨ ਸ਼ਰਧਾਲੂ ਅਜਿਹਾ ਕਰ ਸਕਦੇ ਹਨ |