ਸਮਾਧ ਭਾਈ, 22 ਜੂਨ (ਜਗਰੂਪ ਸਿੰਘ ਸਰੋਆ)-ਮਾਨਸੂਨ ਦੇ ਇਸ ਵਾਰ ਜਲਦੀ ਆਉਣ ਦੀਆਂ ਖ਼ਬਰਾਂ ਦੇ ਬਾਵਜੂਦ ਡਰੇਨ ਵਿਭਾਗ ਆਪਣੀ ਸੁਸਤ ਚਾਲ ਨਾਲ ਪੈਦਾ ਹੋਣ ਵਾਲੀਆਂ ਸਮੱਸਿਆਵਾਂ ਤੋਂ ਬੇਚਿੰਤ ਜਾਪ ਰਿਹਾ ਹੈ ਕਿਉਂਕਿ ਪਿੰਡ ਸਮਾਧ ਭਾਈ ਵਿਚੋਂ ਲੰਘਦੀ ਡਰੇਨ ਦੀ ਸਫ਼ਾਈ ਹਾਲੇ ਵੀ ਸ਼ੁਰੂ ਨਹੀਂ ਕੀਤੀ ਗਈ | ਕਈ ਪਿੰਡਾਂ 'ਚੋਂ ਲੰਘਦੀ ਇਸ ਡਰੇਨ ਦੇ ਜਾਮ ਹੋਣ ਨਾਲ ਪਹਿਲਾਂ ਵੀ ਮਾਮੂਲੀ ਮੀਂਹ ਪੈਣ ਸਮੇਂ ਗਲੀਆਂ ਵਿਚ ਪਾਣੀ ਆਮ ਹੀ ਜਮਾਂ ਹੋ ਜਾਂਦਾ ਹੈ ਅਤੇ ਜੇਕਰ ਭਾਰੀ ਬਾਰਸ਼ ਹੋ ਜਾਂਦੀ ਹੈ ਤਾਂ ਨਾਲੀਆਂ ਦਾ ਗੰਦਾ ਪਾਣੀ ਘਰਾਂ ਵਿਚ ਵੜਨ ਦਾ ਖ਼ਤਰਾ ਬਣ ਸਕਦਾ ਹੈ | ਇਸ ਡਰੇਨ ਦੀ ਸਫ਼ਾਈ ਸਮੇਂ ਸਿਰਫ਼ ਗੋਂਗਲੂਆਂ ਤੋਂ ਮਿੱਟੀ ਹੀ ਝਾੜੀ ਜਾਂਦੀ ਹੈ, ਜੇਕਰ ਚੰਗੀ ਤਰ੍ਹਾਂ ਸਫ਼ਾਈ ਕਰਕੇ ਇਸ ਦੇ ਤਲ ਨੂੰ ਪਹਿਲਾਂ ਜਿੰਨਾ ਡੂੰਘਾ ਕੀਤਾ ਜਾਵੇ ਤਾਂ ਫਿਰ ਕੁਝ ਸਾਲ ਸਹੀ ਲੰਘ ਸਕਦੇ ਹਨ | ਡਰੇਨ ਦੇ ਬੰਦ ਹੋਣ ਨਾਲ ਪਿੰਡ ਵਿਚਲੇ ਸਾਰੇ ਗੰਦੇ ਟੋਭਿਆਂ ਵਿਚ ਪਾਣੀ ਖੜ੍ਹਾ ਜਾਂਦਾ ਹੈ, ਜੋ ਬਾਅਦ ਵਿਚ ਮਲੇਰੀਆ, ਡੇਂਗੂ ਅਤੇ ਹੋਰ ਜਲ-ਸੰਬੰਧੀ ਬਿਮਾਰੀਆਂ ਫੈਲਾਉਣ ਦਾ ਕਾਰਨ ਬਣ ਰਿਹਾ ਹੈ, ਜਿਸ ਵੱਲ ਸਰਕਾਰ ਅਤੇ ਸਿਹਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ | ਇਸ ਸਬੰਧੀ ਪਿੰਡ ਵਾਸੀ ਕਈ ਸਾਲਾਂ ਤੋਂ ਨਿਕਾਸੀ ਦੀ ਸਹੀ ਯੋਜਨਾਬੰਦੀ ਦੀ ਮੰਗ ਕਰ ਰਹੇ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ ਜਾ ਰਹੀ | ਉਨ੍ਹਾਂ ਡਰੇਨ ਵਿਭਾਗ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਡਰੇਨ ਨਾਲ ਦੀਆਂ ਬਰਮਾ ਨੂੰ ਚੰਗੀ ਤਰ੍ਹਾਂ ਪੱਧਰਾ ਕਰਕੇ ਰਾਹਗੀਰਾਂ ਦੇ ਲੰਘਣ ਯੋਗ ਬਣਾ ਕੇ ਉਸ ਦੇ ਉੱਪਰ ਦਰਖਤ ਵੀ ਲਗਾਏ ਜਾਣ ਅਤੇ ਜਲਦੀ ਤੋਂ ਜਲਦੀ ਡਰੇਨ ਦੀ ਸਫ਼ਾਈ ਕਰਵਾਈ ਜਾਵੇ ਤਾਂ ਜੋ ਨਿਕਾਸੀ ਪ੍ਰਬੰਧ ਸੁਧਾਰ ਜਾਣ |
ਸਮਾਧ ਭਾਈ 'ਚੋਂ ਲੰਘਦੀ ਡਰੇਨ ਵੱਲ ਵਿਭਾਗ ਦਾ ਨਹੀਂ ਕੋਈ ਧਿਆਨ <h4>ਕਲਾਲੀ ਬੂਟੀ ਨੇ ਪਾਣੀ ਦੇ ਨਿਕਾਸ ਨੂੰ ਲਗਭਗ ਕੀਤਾ ਬੰਦ </h4>
ਅਜੀਤ ਡੈਸਕ
23-06-2025