ਨਿਹਾਲ ਸਿੰਘ ਵਾਲਾ, 22 ਜੂਨ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਰਣਸੀਂਹ ਕਲਾਂ ਵਿਖੇ ਚੱਲ ਰਹੇ ਮੱਛੀ ਪਾਲਨ-ਪੋਲਟਰੀ ਪਾਲਨ ਇੰਟੀਗਰੇਟ ਫਾਰਮ ਦਾ ਵਾਟਰ ਕਮਿਸ਼ਨ ਨਵੀਂ ਦਿੱਲੀ ਅਤੇ ਮੱਛੀ ਪਾਲਨ ਵਿਭਾਗ ਦੀਆਂ ਟੀਮਾਂ ਵਲੋਂ ਦੌਰਾ ਕੀਤਾ | ਇਸ ਫਾਰਮ ਦੇ ਸੰਚਾਲਕ ਅਤੇ ਸਫਲ ਕਿਸਾਨ ਰੁਪਿੰਦਰ ਸਿੰਘ ਭੁੱਚਾ ਰਣਸੀਂਹ ਕਲਾਂ ਵਲੋਂ ਆਪਣੀ ਸਖਤ ਮਿਹਨਤ ਨਾਲ ਤਿਆਰ ਕੀਤੇ ਇਸ ਫਾਰਮ ਨੂੰ ਸਫਲ ਬਣਾਉਣ 'ਤੇ ਉਸ ਦੀ ਸ਼ਲਾਘਾ ਕੀਤੀ | ਇਸ ਮੌਕੇ ਮੱਛੀ ਪਾਲਨ ਅਫਸਰ ਬਲਜੋਤ ਸਿੰਘ ਮਾਨ, ਵਾਟਰ ਕਮਿਸ਼ਨ ਨਵੀਂ ਦਿੱਲੀ ਦੇ ਡਿਪਟੀ ਡਾਇਰੈਕਟਰ ਲਲਿਤ ਮੀਨਾ, ਆਈ.ਆਰ.ਐਸ. 2010 ਕਾਜਲ ਸਿੰਘ ਅਤੇ ਐਸ.ਡੀ.ਓ. ਪਰਮਜੀਤ ਸਿੰਘ (ਡਰੇਨਜ਼ ਵਿਭਾਗ) ਨੇ ਕਿਹਾ ਕਿ ਫਸਲੀ ਵਿਭਿੰਨਤਾ ਅਤੇ ਕਿਸਾਨਾਂ ਦੀ ਆਮਦਨ 'ਚ ਵਾਧਾ ਕਰਨ ਲਈ ਸਰਕਾਰ ਵਲੋਂ ਪ੍ਰਧਾਨ ਮੰਤਰੀ ਸਕੀਮ ਤਹਿਤ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਕੀਮਾਂ ਤਹਿਤ ਕਿਸਾਨਾਂ ਨੂੰ ਆਪਣੇ ਕਾਰੋਬਾਰ ਚਲਾਉਣ ਲਈ ਅਤੇ ਫਸਲੀ ਭਿੰਨਤਾ ਲਿਆਉਣ ਲਈ ਕਰਜ਼ੇ ਦੇ ਨਾਲ-ਨਾਲ ਸਬਸਿਡੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ | ਬਲਜੋਤ ਸਿੰਘ ਮਾਨ ਮੱਛੀ ਪਾਲਨ ਅਫਸਰ ਬਾਘਾ ਪੁਰਾਣਾ ਨੇ ਕਿਹਾ ਕਿ ਵਿਭਾਗ ਵਲੋਂ ਰਣਸੀਂਹ ਕਲਾਂ ਦੇ ਕਿਸਾਨ ਰੁਪਿੰਦਰ ਸਿੰਘ ਭੁੱਚਾ ਨੂੰ ਟਰੇਨਿੰਗ ਦਿੱਤੀ ਗਈ ਸੀ ਜਿਸ ਤਹਿਤ ਉਨ੍ਹਾਂ ਵਲੋਂ ਜੋ ਮੱਛੀ ਪਾਲਨ ਅਤੇ ਮੁਰਗੀ ਪਾਲਨ ਇੰਟੀਗਰੇਟ ਫਾਰਮ ਸ਼ੁਰੂ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਹਰ ਮਹੀਨੇ ਕਿਸਾਨਾਂ ਨੂੰ ਮੱਛੀ ਪਾਲਨ ਦੀ ਟਰੇਨਿੰਗ ਮੁਫਤ ਦਿੱਤੀ ਜਾਂਦੀ ਹੈ | ਕਿਸਾਨ ਰੁਪਿੰਦਰ ਸਿੰਘ ਭੁੱਚਾ ਨੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਜਗਪਾਲ ਸਿੰਘ ਸੈਕਟਰੀ, ਨੰਬਰਦਾਰ ਦਰਸ਼ਨ ਸਿੰਘ, ਕਾਂਗਰਸੀ ਆਗੂ ਸਤਵੰਤ ਸਿੰਘ ਕਾਲਾ, ਸੀਨੀਅਰ ਆਗੂ ਸੁਖਦੇਵ ਸਿੰਘ ਰਣਸੀਂਹ, ਰਿਟਾਇਰਡ ਥਾਣੇਦਾਰ ਪਰਮਜੀਤ ਸਿੰਘ, ਲੱਖਾ ਸਿੰਘ, ਪਰਮਜੀਤ ਸਿੰਘ ਪੰਮੀ, ਬਿੱਟੀ ਸਿੰਘ ਆਦਿ ਹਾਜ਼ਰ ਸਨ |