ਮੋਗਾ, 17 ਅਕਤੂਬਰ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਵਲੋਂ ਹਰ ਸਾਲ ਦੀ ਤਰ੍ਹਾਂ ਬੱਸ ਸਟੈਂਡ ਵਿਖੇ ਆਪਣੇ ਮਹਿਬੂਬ ਆਗੂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ 37ਵੀਂ ਬਰਸੀ ਮਨਾਈ ਗਈ | ਇਸ ਮੌਕੇ ਰੋਡਵੇਜ਼ ਦੇ ਕਾਮਿਆਂ ਦੇ ਨਾਲ-ਨਾਲ ਬਿਜਲੀ ਬੋਰਡ, ਪੀ.ਆਰ.ਟੀ.ਸੀ. ਮੁਲਾਜ਼ਮ, ਆਂਗਣਵਾੜੀ, ਆਸ਼ਾ ਵਰਕਰ, ਮਜ਼ਦੂਰ, ਕਿਸਾਨ, ਨਰੇਗਾ, ਨੌਜਵਾਨ, ਵਿਦਿਆਰਥੀਆਂ ਦੀਆਂ ਜਥੇਬੰਦੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ | ਕਾਮਰੇਡ ਧਾਲੀਵਾਲ ਦੀ ਸੋਚ ਨੂੰ ਪਰਨਾਏ ਲੋਕ ਬਾਈ ਨਛੱਤਰ ਧਾਲੀਵਾਲ ਤੇਰੀ ਸੋਚ 'ਤੇ ਪਹਿਰਾ ਦਿਆਂਗੇ ਠੋਕ ਕੇ ਅਤੇ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਅਮਰ ਹੈ ਦੇ ਨਾਅਰੇ ਲਾਉਂਦਿਆਂ ਪੰਡਾਲ ਵਿਚ ਸ਼ਾਮਿਲ ਹੋਏ | ਸਭ ਤੋਂ ਪਹਿਲਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਲੋਕਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਕਿਰਤੀ ਲੋਕਾਂ ਦੇ ਹੱਕਾਂ ਹਿਤਾਂ ਦੀ ਖ਼ਾਤਰ ਦਿੱਤੀ ਕੁਰਬਾਨੀ ਦਾ ਪੰਜਾਬ ਰੋਡਵੇਜ਼ ਦੇ ਕਾਮਿਆਂ ਦੇ ਨਾਲ-ਨਾਲ ਸਮੂਹ ਕਿਰਤੀ ਲੋਕਾਂ ਨੇ ਸੱਚਮੁੱਚ ਮੁੱਲ ਪਾਇਆ ਹੈ | ਉਨ੍ਹਾਂ ਦੀ 37ਵੀਂ ਬਰਸੀ 'ਤੇ ਇੰਨੀ ਵੱਡੀ ਗਿਣਤੀ ਵਿਚ ਤੁਹਾਡਾ ਪਹੁੰਚਣਾ ਉਨ੍ਹਾਂ ਦੀ ਹਰਮਨ ਪਿਆਰਤਾ ਦੀ ਗਵਾਹੀ ਭਰਦਾ ਹੈ | ਉਨ੍ਹਾਂ ਕਿਹਾ ਕਿ ਕਾਮਰੇਡ ਧਾਲੀਵਾਲ ਦੇ ਸੁਪਨਿਆਂ ਦਾ ਸਮਾਜਵਾਦੀ ਪ੍ਰਬੰਧ ਸਿਰਜਣਾ ਅੱਜ ਸਮੇਂ ਦੀ ਮੁੱਖ ਲੋੜ ਹੈ | ਇਸ ਮੌਕੇ ਏਟਕ ਦੇ ਸਕੱਤਰ ਕਾਮਰੇਡ ਵਿਦਿਆ ਸਾਗਰ ਗਿਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਦੀ ਸੋਚ 'ਤੇ ਪਹਿਰਾ ਦੇ ਕੇ ਹੀ ਅੱਜ ਆਪਾਂ ਪਬਲਿਕ ਸੈਕਟਰ ਦੀ ਰਾਖੀ ਕਰ ਸਕਦੇ ਹਾਂ | ਉਨ੍ਹਾਂ ਆਖਿਆ ਕਿ ਸਿਰਫ਼ ਪਬਲਿਕ ਸੈਕਟਰ ਹੀ ਲੋਕਾਂ ਨੂੰ ਸਹੂਲਤਾਂ ਦੇ ਸਕਦਾ ਹੈ | ਪ੍ਰਾਈਵੇਟ ਸੈਕਟਰ ਤਾਂ ਹਰ ਖੇਤਰ ਵਿਚ ਲੋਕਾਂ ਦੀ ਲੁੱਟ ਹੀ ਕਰ ਸਕਦਾ ਹੈ | ਇਸ ਰੁਝਾਨ ਨੂੰ ਠੱਲ੍ਹ ਸਿਰਫ਼ ਕਾਮਰੇਡ ਧਾਲੀਵਾਲ ਦੀ ਸੋਚ ਵਾਲੀਆਂ ਕਮਿਊਨਿਸਟ ਪਾਰਟੀਆਂ ਨੂੰ ਮਜ਼ਬੂਤ ਕਰ ਕੇ ਹੀ ਪਾਈ ਜਾ ਸਕਦੀ ਹੈ | ਇਸ ਮੌਕੇ ਉੱਘੇ ਲੇਖਕ ਅਤੇ ਮਾਰਕਸਵਾਦੀ ਚਿੰਤਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ (ਬਾਕੀ ਸਫ਼ਾ 8 'ਤੇ)