ਮੋਗਾ, 17 ਅਕਤੂਬਰ (ਗੁਰਤੇਜ ਸਿੰਘ ਬੱਬੀ)-ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਫੂਡ ਸੇਫਟੀ ਟੀਮ ਮੋਗਾ ਨੇ ਡਾ. ਸੰਦੀਪ ਕੁਮਾਰ ਜ਼ਿਲ੍ਹਾ ਸਿਹਤ ਅਫ਼ਸਰ ਦੀ ਅਗਵਾਈ ਹੇਠ ਵੱਖ-ਵੱਖ ਖਾਣ-ਪੀਣ ਵਾਲੀਆਂ ਥਾਵਾਂ ਦੀ ਚੈਕਿੰਗ ਕੀਤੀ ਗਈ | ਇਸ ਮੌਕੇ ਉਨ੍ਹਾਂ ਦੱਸਿਆ ਕਿ ਦੋ ਸ਼ਿਕਾਇਤਾਂ 'ਤੇ ਕਾਰਵਾਈ ਕਰਦਿਆਂ ਫੂਡ ਬਣਾਉਣ ਵਾਲੀਆਂ ਥਾਵਾਂ ਦਾ ਨਿਰੀਖਣ ਕੀਤਾ ਅਤੇ ਘਿਉ, ਦਹੀਂ, ਕਾਜੂ ਕਟਲੀ ਅਤੇ ਸੋਨ ਪਾਪੜੀ ਸਮੇਤ 4 ਨਮੂਨੇ ਲਏ | ਉਨ੍ਹਾਂ ਨੇ ਸ਼ੱਕੀ ਮਠਿਆਈਆਂ ਦੇ ਭੰਡਾਰ ਦੀ ਭਾਲ ਕਰਨ ਲਈ ਸ਼ਹਿਰ ਬਾਘਾ ਪੁਰਾਣਾ ਅਤੇ ਇਸ ਦੇ ਆਲੇ-ਦੁਆਲੇ ਦੇ ਵੱਖ-ਵੱਖ ਕੋਲਡ ਸਟੋਰਾਂ ਦਾ ਨਿਰੀਖਣ ਕੀਤਾ ਅਤੇ ਕੋਲਡ ਸਟੋਰ ਮਾਲਕਾਂ ਨੂੰ ਸਲਾਹ ਦਿੱਤੀ ਕਿ ਉਹ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖਣ ਅਤੇ ਸ਼ੁੱਧ ਖਾਣ-ਪੀਣ ਵਾਲੀਆਂ ਚੀਜ਼ਾਂ ਹੀ ਲੋਕਾਂ ਨੂੰ ਪ੍ਰਦਾਨ ਕਰਨ | ਇਸ ਮੌਕੇ ਉਨ੍ਹਾਂ ਨਾਲ ਯੋਗੇਸ਼ ਗੋਇਲ ਫੂਡ ਸੇਫ਼ਟੀ ਅਫ਼ਸਰ ਅਤੇ ਲਵਦੀਪ ਸਿੰਘ ਫੂਡ ਸੇਫ਼ਟੀ ਅਫ਼ਸਰ ਮੌਜੂਦ ਸਨ |