20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2025

ਪਿੰਡ ਸੇਖਾ ਖ਼ੁਰਦ ਵਿਖੇ ਫਿਰੌਤੀ ਦੇ ਮਾਮਲੇ ਨੂੰ ਲੈ ਕੇ ਔਰਤ ਦਾ ਗਲਾ ਘੁੱਟਿਆ

ਅਜੀਤ ਡੈਸਕ 24-10-2025
ਠੱਠੀ ਭਾਈ, 23 ਅਕਤੂਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲੇ੍ਹ ਦੇ ਵਿਧਾਨ ਸਭਾ ਹਲਕਾ ਬਾਘਾ ਪੁਰਾਣਾ ਅੰਦਰ ਆਏ ਦਿਨ ਗੋਲੀ ਬਾਰੀ ਅਤੇ ਫਿਰੌਤੀ ਨੂੰ ਲੈ ਕੇ ਲਗਾਤਾਰ ਘਟਨਾਵਾਂ ਜਾਰੀ ਹਨ ਜਿਸ ਨੂੰ ਲੈ ਕੇ ਹਲਕੇ ਅੰਦਰ ਲੋਕਾਂ ਵਿਚ ਸਹਿਮ ਲਗਾਤਾਰ ਬਣਿਆ ਹੋਇਆ ਹੈ | ਪਿੰਡ ਲੰਗੇਆਣਾ ਅਤੇ ਮਾੜੀ ਮੁਸਤਫ਼ਾ ਗੋਲੀ ਕਾਂਡ ਤੋਂ ਬਾਅਦ ਹੁਣ ਥਾਣਾ ਸਮਾਲਸਰ ਹੇਠਲੇ ਪਿੰਡ ਸੇਖਾ ਖ਼ੁਰਦ ਵਿਖੇ ਬੀਤੇ ਕੱਲ੍ਹ ਲਗਭਗ ਡੇਢ ਤੋਂ ਦੋ ਵਜੇ ਦੇ ਵਿਚਕਾਰ ਪਿੰਡ ਦੇ ਵਿਚ ਬਿਲਕੁਲ ਸੰਘਣੀ ਆਬਾਦੀ ਵਾਲੇ ਘਰ ਵਿਚ ਤਿੰਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਦਾਖਲ ਹੋ ਕੇ ਔਰਤ ਦਾ ਚੁੰਨੀ ਨਾਲ ਗਲਾ ਘੁੱਟ ਕੇ ਉਸ ਦੇ ਸਿਰ ਵਿਚ ਇੱਟਾਂ ਰੋੜੇ ਮਾਰ ਕੇ ਬੇਹੋਸ਼ ਕਰ ਦਿੱਤਾ | ਇਸ ਘਟਨਾ ਦਾ ਆਂਢ-ਗੁਆਂਢ ਪਤਾ ਲੱਗਣ 'ਤੇ ਲੋਕਾਂ ਦਾ ਇਕੱਠ ਹੋ ਗਿਆ ਅਤੇ ਉਕਤ ਅਣਪਛਾਤੇ ਵਿਅਕਤੀ ਘਟਨਾ ਸਥਾਨ ਤੋਂ ਫ਼ਰਾਰ ਹੋ ਗਏ | ਪਿੰਡ ਸੇਖਾ ਕਲਾਂ ਦੇ ਨੰਬਰਦਾਰ ਗਿਆਨੀ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਅੰਦਰਲੇ ਘਰ ਕੁਲਦੀਪ ਕੌਰ ਪਤਨੀ ਸਵ: ਸਿਕੰਦਰ ਸਿੰਘ ਦੇ ਘਰ ਤਿੰਨ ਮੋਟਰਸਾਈਕਲ ਸਵਾਰ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ ਨੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਕੇ ਉਸ ਦੀ ਹੀ ਚੁੰਨੀ ਉਸ ਦੇ ਗਲੇ ਵਿਚ ਪਾ ਕੇ ਉਸ ਨੂੰ ਬਾਹਰ ਗਲੀ ਵਿਚ ਲੈ ਆਏ ਅਤੇ ਚੁੰਨੀ ਨਾਲ ਉਸ ਦਾ ਗਲਾ ਘੁੱਟਦੇ ਰਹੇ | ਇਸ ਦੌਰਾਨ ਉਨ੍ਹਾਂ ਨੇ ਕੁਲਦੀਪ ਕੌਰ ਦੇ ਸਿਰ ਵਿਚ ਇੱਟਾਂ ਰੋੜੇ ਵੀ ਮਾਰੇ | ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਉਕਤ ਅਣਪਛਾਤੇ ਵਿਅਕਤੀਆਂ ਨੇ ਕਿਹਾ ਕਿ ਉਹ ਜਸਪਾਲ ਕੌਰ ਮੋਰਾਂਵਾਲੀ ਪਤਨੀ ਸਵਰਗੀ ਕੇਵਲ ਸਿੰਘ ਤੋਂ 10 ਲੱਖ ਰੁਪਏ ਤੇ ਫਿਰੌਤੀ ਲੈਣ ਆਏ ਸਨ | ਬੇਹੋਸ਼ ਹੋਈ ਕੁਲਦੀਪ ਕੌਰ ਨੂੰ ਸਮਾਲਸਰ ਦੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ | ਕੁਲਦੀਪ ਕੌਰ ਦੇ ਪੁੱਤਰ ਗੁਰਵਿੰਦਰ ਸਿੰਘ ਥਾਣਾ ਸਮਾਲਸਰ ਨੂੰ ਦਿੱਤੀ ਲਿਖਤੀ ਸ਼ਿਕਾਇਤ ਉਪਰੰਤ ਥਾਣਾ ਸਮਾਲਸਰ ਦੇ ਮੁੱਖ ਅਫ਼ਸਰ ਕਮਲਜੀਤ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਪਿੰਡ ਵਿਚ ਲੱਗੇ ਹੋਏ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣਾ ਸ਼ੁਰੂ ਕਰ ਦਿੱਤਾ | ਜਾਣਕਾਰੀ ਅਨੁਸਾਰ ਅਜੇ ਤੱਕ ਪੁਲਿਸ ਦੇ ਹੱਥ ਕੋਈ ਸੁਰਾਗ ਨਹੀਂ ਲੱਗਾ | ਸਮਾਲਸਰ ਥਾਣਾ ਮੁਖੀ ਕਮਲਜੀਤ ਸਿੰਘ ਨੇ ਕਿਹਾ ਕਿ ਉਹ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਰੀਕੀ ਨਾਲ ਜਾਂਚ ਵਿਚ ਲੱਗੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਲੋਂ ਸਜਾਏ ਜਾ ਰਹੇ ਨਗਰ ਕੀਰਤਨ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਅਗਲੀ ਖ਼ਬਰ ਮਿਸ ਨੀਲਮ ਅਰੋੜਾ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵਜੋਂ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।