ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਕੈਂਬਰਿਜ ਇੰਟਰਨੈਸ਼ਨਲ ਸਕੂਲ, ਮੋਗਾ ਵਿਖੇ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਹਰਪ੍ਰੀਤ ਕੌਰ (ਅਕਾਦਮਿਕ ਸਲਾਹਕਾਰ) ਵਾਈਸ ਪਿ੍ੰਸੀਪਲ ਅਮਨਦੀਪ ਗਿਰਧਰ ਅਤੇ ਐਕਟੀਵਿਟੀ ਕੋਆਰਡੀਨੇਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਵਿਦਿਆਰਥੀਆਂ ਲਈ 13 ਅਕਤੂਬਰ ਤੋਂ 18 ਅਕਤੂਬਰ ਤੱਕ ਸਿਹਤ ਹਫ਼ਤਾ ਮਨਾਇਆ ਗਿਆ ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਅਤੇ ਸੰਤੁਲਿਤ ਖ਼ੁਰਾਕ ਪ੍ਰਤੀ ਜਾਗਰੂਕ ਕਰਨਾ ਸੀ | ਇਸ ਪ੍ਰੋਗਰਾਮ ਦੇ ਤਹਿਤ ਵਿਦਿਆਰਥੀਆਂ ਨੂੰ ਪੂਰੇ ਹਫ਼ਤੇ ਦੇ ਟਿਫ਼ਨ ਦੀ ਯੋਜਨਾ ਬਣਾ ਕੇ ਦਿੱਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਪੌਸ਼ਟਿਕ ਤੇ ਸੰਤੁਲਿਤ ਭੋਜਨ ਦੇ ਪੂਰੇ ਤੱਤਾਂ ਦੀ ਜਾਣਕਾਰੀ ਮਿਲ ਸਕੇ | ਪਹਿਲੇ ਦਿਨ ਵਿਦਿਆਰਥੀਆਂ ਨੂੰ ਪੁੰਗਰੀਆਂ ਦਾਲਾਂ ਅਤੇ ਅਨਾਜ, ਦਹੀ ਫਲ, ਸਲਾਦ ਆਦਿ ਚੀਜ਼ਾਂ ਨੂੰ ਆਪਣੇ ਟਿਫ਼ਨ ਵਿਚ ਸ਼ਾਮਿਲ ਕਰਨ ਲਈ ਕਿਹਾ ਗਿਆ | ਦੂਸਰੇ ਦਿਨ ਵਿਦਿਆਰਥੀਆਂ ਨੂੰ ਭਰਵਾਂ ਪਰੌਂਠੇ ਦਹੀ, ਫਲ, ਸਲਾਦ ਆਦਿ ਲਿਆਉਣ ਨੂੰ ਕਿਹਾ ਗਿਆ | ਤੀਸਰੇ ਦਿਨ ਵਿਦਿਆਰਥੀਆਂ ਨੂੰ ਡਬਲ ਲੇਅਰ ਸੈਂਡਵਿਚ, ਫਲ, ਸਲਾਦ ਆਦਿ ਚੀਜ਼ਾਂ ਨੂੰ ਭੋਜਨ ਵਿਚ ਸ਼ਾਮਲ ਕਰਨ ਦੀ ਹਦਾਇਤ ਦਿੱਤੀ ਗਈ | ਇਸ ਤੋਂ ਅਗਲੇ ਦਿਨ ਪੋਹਾ ਅਤੇ ਫਲ ਆਦਿ ਚੀਜ਼ਾਂ ਨੂੰ ਟਿਫ਼ਨ ਵਿਚ ਸ਼ਾਮਿਲ ਕਰਨ ਲਈ ਕਿਹਾ ਗਿਆ ਇਸ ਤੋਂ ਬਾਅਦ ਹਰੀਆਂ ਪੱਤੇਦਾਰ ਸਬਜ਼ੀਆਂ, ਪਨੀਰ, ਰੋਟੀ, ਫਲ ਸਲਾਦ ਆਦਿ ਨੂੰ ਲਿਆਉਣ ਲਈ ਕਿਹਾ ਗਿਆ | ਅੰਤਲੇ ਦਿਨ ਵਿਦਿਆਰਥੀਆਂ ਨੂੰ ਪੂੜੀ, ਛੋਲੇ, ਖੀਰ, ਸੇਵੀਆਂ, ਮਿੱਠੇ ਚਾਵਲ ਅਤੇ ਹਲਵਾ ਆਦਿ ਲਿਆਉਣ ਲਈ ਕਿਹਾ ਗਿਆ | ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਹਰ ਸਾਲ ਵਿਦਿਆਰਥੀਆਂ ਲਈ ਸਿਹਤ ਹਫ਼ਤੇ ਦਾ ਆਯੋਜਨ ਕੀਤਾ ਜਾਂਦਾ ਹੈ ਤਾਂ ਜੋ ਵਿਦਿਆਰਥੀਆਂ ਨੂੰ ਫਾਸਟ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾ ਸਕੇ ਅਤੇ ਸੰਤੁਲਿਤ ਤੇ ਪੌਸ਼ਟਿਕ ਆਹਾਰ ਲੈਣ ਲਈ ਜਾਗਰੂਕ ਕੀਤਾ ਜਾ ਸਕੇ |