ਮੋਗਾ, 23 ਅਕਤੂਬਰ (ਸੁਰਿੰਦਰਪਾਲ ਸਿੰਘ)-ਦਿਵਿਆ ਜਯੋਤੀ ਜਾਗਿ੍ਤੀ ਸੰਸਥਾਨ ਵਲੋਂ ਮੋਗਾ ਸਥਿਤ ਆਸ਼ਰਮ ਵਿਖੇ ਦੀਵਾਲੀ 'ਤੇ ਸਨਰਕਸ਼ਣ ਦੇ ਅੰਤਰਗਤ ਜਾਗੋ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੁਰੂ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਗਿਆਨ ਪ੍ਰਭਾ ਭਾਰਤੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਭਾਵ ਹਨੇਰੇ ਉੱਤੇ ਪ੍ਰਕਾਸ਼ ਦੀ ਜਿੱਤ ਦਾ ਤਿਉਹਾਰ ਹੈ | ਸਾਡੇ ਅੰਦਰ ਦਾ ਹਨੇਰਾ ਉਦੋਂ ਹੀ ਦੂਰ ਹੋਵੇਗਾ ਜਦੋਂ ਅਸੀਂ ਭਗਵਾਨ ਸ੍ਰੀ ਰਾਮ ਦੇ ਵਚਨਾਂ 'ਤੇ ਚੱਲਦੇ ਹਾਂ | ਉਨ੍ਹਾਂ ਕਿਹਾ ਪ੍ਰਮਾਤਮਾ ਦੀ ਬੇਅੰਤ ਰਹਿਮਤ ਸਦਕਾ ਸਾਨੂੰ ਮਨੁੱਖਾ ਸਰੀਰ ਮਿਲਿਆ ਹੈ ਜੇਕਰ ਅਸੀਂ ਇਸ ਦੇ ਅੰਦਰ ਨਾਮ ਦਾ ਬੀਜ ਨਹੀਂ ਬੀਜਦੇ ਤਾਂ ਇਹ ਜੀਵਨ ਪ੍ਰਾਪਤ ਕਰਨਾ ਵਿਅਰਥ ਹੋ ਜਾਵੇਗਾ | ਸਾਧਵੀ ਨੇ ਕਿਹਾ ਕਿ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪ੍ਰਮਾਤਮਾ ਹਮੇਸ਼ਾ ਸਾਡੇ ਮਨ ਵਿਚ ਕਿਵੇਂ ਰਹਿ ਸਕਦਾ ਹੈ ਤਾਂ ਇਸ ਦਾ ਜਵਾਬ ਦਿੰਦੇ ਹੋਏ ਸਾਡੇ ਸੰਤ ਮਹਾਂਪੁਰਖ ਕਹਿੰਦੇ ਹਨ ਕਿ ਜੋ ਮਨੁੱਖ ਗੁਰੂ ਦੇ ਦੱਸੇ ਮਾਰਗ 'ਤੇ ਚੱਲਦਾ ਹੈ, ਤਾਂ ਉਸ ਨੂੰ ਗੁਰੂ ਪਾਸੋਂ ਸਦੀਵੀ ਗਿਆਨ ਪ੍ਰਾਪਤ ਹੁੰਦਾ ਹੈ, ਫਿਰ ਉਹ ਸਦਾ ਪ੍ਰਮਾਤਮਾ ਦੀ ਯਾਦ ਵਿਚ ਲੀਨ ਰਹਿੰਦਾ ਹੈ ਅਤੇ ਇਕ ਵਾਰ ਜਦੋਂ ਪ੍ਰਮਾਤਮਾ ਉਸ ਦੀ ਯਾਦ ਵਿਚ ਆ ਜਾਂਦਾ ਹੈ, ਉਹ ਚਾਹ ਕੇ ਵੀ ਸ਼ੁਕਰਾਨਾ ਕੀਤੇ ਬਗੈਰ ਨਹੀਂ ਰਹਿ ਸਕਦਾ, ਉਹ ਹਰ ਪਲ, ਹਰ ਸਥਿਤੀ ਵਿਚ ਪ੍ਰਮਾਤਮਾ ਦਾ ਧੰਨਵਾਦ ਕਰੇਗਾ | ਪ੍ਰੋਗਰਾਮ ਤੋਂ ਬਾਅਦ ਸਾਰੇ ਪ੍ਰਭੂ ਭਗਤਾਂ ਨੇ 1100 ਦੀਵੇ ਜਗਾ ਕੇ ਇਕੋ ਫਰੈਂਡਲੀ ਦੀਵਾਲੀ ਮਨਾਈ | ਪ੍ਰੋਗਰਾਮ ਵਿਚ ਸਾਧਵੀ ਸ਼ਿਲਪਾ ਭਾਰਤੀ, ਸਾਧਵੀ ਸ਼ਿਪਰਾ ਭਾਰਤੀ ਅਤੇ ਸਾਧਵੀ ਬਲਜਿੰਦਰ ਭਾਰਤੀ ਨੇ ਮਧੁਰ ਭਜਨਾਂ ਦਾ ਗਾਇਣ ਕੀਤਾ ਗਿਆ |