ਨਿਹਾਲ ਸਿੰਘ ਵਾਲਾ, 23 ਅਕਤੂਬਰ (ਪਲਵਿੰਦਰ ਸਿੰਘ ਟਿਵਾਣਾ/ਸੁਖਦੇਵ ਸਿੰਘ ਖਾਲਸਾ)-ਪਸ਼ੂ ਪਾਲਨ ਵਿਭਾਗ ਮੋਗਾ ਵਲੋਂ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | 28 ਨਵੰਬਰ ਤੱਕ ਪੂਰੇ ਰਾਜ ਵਿਚ ਚਲਾਈ ਗਈ ਮੁਹਿੰਮ ਤਹਿਤ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ | ਇਹ ਜਾਣਕਾਰੀ ਦਿੰਦਿਆਂ ਤਹਿਸੀਲ ਨਿਹਾਲ ਸਿੰਘ ਵਾਲਾ ਦੇ ਸੀਨੀਅਰ ਵੈਟਰਨਰੀ ਅਫਸਰ ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵਿਭਾਗ ਦੀਆਂ ਟੀਮਾਂ ਪਸ਼ੂ ਪਾਲਕਾਂ ਦੇ ਘਰ ਘਰ ਜਾ ਕੇ ਮੱਝਾਂ ਅਤੇ ਗੋਕਿਆਂ ਨੂੰ ਮੂੰਹ ਖੁਰ ਦੀ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਮੁਫਤ ਟੀਕਾਕਰਨ ਕਰਨਗੀਆਂ | ਉਨ੍ਹਾਂ ਕਿਹਾ ਕਿ ਲੋੜਵੰਦ ਪਸ਼ੂ ਪਾਲਕ ਆਪਣੇ ਪਸ਼ੂਆਂ ਨੂੰ ਇਹ ਟੀਕੇ ਮੁਫਤ ਲਗਾਉਣ ਲਈ ਆਪਣੇ ਨੇੜੇ ਦੀ ਪਸ਼ੂ ਸੰਸਥਾ ਵਿਚ ਤਾਇਨਾਤ ਵੈਟਰਨਰੀ ਅਫਸਰ, ਵੈਟਰਨਰੀ ਇੰਸਪੈਕਟਰ, ਵੈਟਰਨਰੀ ਫਾਰਮਾਸਿਸਟ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਹ ਟੀਕੇ ਹਰੇਕ ਪਸ਼ੂ ਲਈ ਨਵੀਂ ਸੂਈ-ਸਰਿੰਜ ਨਾਲ ਘਰ ਘਰ ਪਹੁੰਚ ਕਰਕੇ ਲਗਾਏ ਜਾਣਗੇ | ਡਾ. ਰਾਜਿੰਦਰ ਸਿੰਘ ਨੇ ਦੱਸਿਆ ਕਿ ਅੰਗਹੀਣ ਗਊਸ਼ਾਲਾ ਬੱਧਨੀ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਮੇਂ ਬਲਜਿੰਦਰ ਸਿੰਘ, ਲਵਪ੍ਰੀਤ, ਹਰਦੀਪ ਸਿੰਘ, ਗੁਰਸ਼ਵਿੰਦਰ ਸਿੰਘ, ਮੰਗਲਜੀਤ ਸਿੰਘ (ਸਾਰੇ ਵੈਟਰਨਰੀ ਇੰਸਪੈਕਟਰ) ਅਤੇ ਮਿੱਠੂ ਸਿੰਘ ਦਰਜਾ ਚਾਰ ਕਰਮਚਾਰੀ ਹਾਜ਼ਰ ਸਨ |