ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦੀਆਂ 56 ਸੇਵਾਵਾਂ ਦੀ ਸੇਵਾ ਕੇਂਦਰਾਂ 'ਚ ਸ਼ੁਰੂਆਤ ਹੋ ਚੁੱਕੀ ਹੈ | ਡਿਪਟੀ ਕਮਿਸ਼ਨਰ ਸਾਗਰ ਸੇਤੀਆ ਨੇ ਦੱਸਿਆ ਕਿ ਪੰਜਾਬ 'ਚ ਫੇਸਲੈੱਸ ਆਰ.ਟੀ.ਓ. ਸੇਵਾਵਾਂ ਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਦੱਸਿਆ ਕਿ ਡਰਾਈਵਿੰਗ ਲਾਇਸੈਂਸ ਅਤੇ ਵਾਹਨ ਰਜਿਸਟ੍ਰੇਸ਼ਨ ਸਰਟੀਫਿਕੇਟ ਸਮੇਤ ਟਰਾਂਸਪੋਰਟ ਵਿਭਾਗ ਦੀਆਂ 56 ਪ੍ਰਮੁੱਖ ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਫੇਸਲੈੱਸ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਸੇਵਾਵਾਂ ਦਾ ਲਾਭ ਸੇਵਾ ਕੇਂਦਰਾਂ ਜਾਂ 1076 ਹੈਲਪ ਲਾਈਨ ਰਾਹੀਂ ਵੀ ਲਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਮੋਗਾ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ 'ਚ ਵੀ ਇਹ ਸੇਵਾਵਾਂ ਸ਼ੁਰੂ ਹੋ ਚੁੱਕੀਆਂ ਹਨ | ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਨਾਗਰਿਕਾਂ ਨੂੰ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਲਈ ਸਾਈਬਰ ਕੈਫ਼ੇ 'ਚ ਜਾ ਕੇ ਜਾਂ ਸਿੱਧਾ ਆਨਲਾਈਨ ਅਪਲਾਈ ਕਰਨਾ ਪੈਂਦਾ ਸੀ ਅਤੇ ਬਾਅਦ 'ਚ ਆਪਣੇ ਦਸਤਾਵੇਜ਼ਾਂ ਦੀ ਤਸਦੀਕ ਜਾਂ ਪੜਤਾਲ ਕਰਵਾਉਣ ਵਰਗੇ ਕੰਮਾਂ ਲਈ ਆਰ.ਟੀ.ਓ. ਦਫ਼ਤਰਾਂ ਦੇ ਗੇੜੇ ਲਗਾਉਣੇ ਪੈਂਦੇ ਸਨ ਅਤੇ ਹੁਣ ਇਹ ਸੇਵਾਵਾਂ ਸੇਵਾ ਕੇਂਦਰਾਂ ਰਾਹੀਂ ਮੁਹੱਈਆ ਹੋਣਗੀਆਂ | ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਨਾਲ ਲੋਕਾਂ ਦੇ ਸਮੇਂ ਦੀ ਬੱਚਤ ਹੋਵੇਗੀ ਅਤੇ ਉਨ੍ਹਾਂ ਨੂੰ ਵਾਰ-ਵਾਰ ਆਰ.ਟੀ.ਓ. ਦਫ਼ਤਰ ਨਹੀਂ ਜਾਣਾ ਪਵੇਗਾ | ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦੇ ਸਟਾਫ਼ ਨੂੰ ਲੋੜੀਂਦੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਲੋਕਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਣ 'ਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ | ਲੋਕ ਟਰਾਂਸਪੋਰਟ ਵਿਭਾਗ ਦੀਆਂ ਇਨ੍ਹਾਂ ਸਹੂਲਤਾਂ ਨੂੰ ੂ ਘਰ ਬੈਠੇ ਵੀ ਹੈਲਪ ਲਾਈਨ ਨੰਬਰ 1076 ਰਾਹੀਂ ਹਾਸਲ ਕਰ ਸਕਦੇ ਹਨ ਅਤੇ ਨਵੀਂ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਆਰ.ਟੀ.ਓ. ਦਫ਼ਤਰ 'ਚ ਹੈਲਪ ਡੈਸਕ ਲਾਇਆ ਗਿਆ ਹੈ, ਜਿੱਥੇ ਲੋਕਾਂ ਨੂੰ ਦਸਤਾਵੇਜ਼ਾਂ ਅਤੇ ਨਵੇਂ ਸਿਸਟਮ ਬਾਰੇ ਜਾਣੂੰ ਕਰਵਾਇਆ ਜਾਵੇਗਾ | ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰ 'ਚ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ ਸੇਵਾ ਦੇ ਅਪਲਾਈ ਹੋਣ 'ਤੇ ਸਬੰਧਿਤ ਡਾਟਾ ਐਂਟਰੀ ਅਪਰੇਟਰ ਵਲੋਂ ਪ੍ਰਾਰਥੀ ਦੇ ਅਸਲ ਦਸਤਾਵੇਜ਼ਾਂ ਨੂੰ ਦੇਖ ਕੇ ਅੱਪਲੋਡ ਕੀਤਾ ਜਾਵੇਗਾ | ਦਸਤਾਵੇਜ਼ ਅੱਪਲੋਡ ਹੋਣ ਉਪਰੰਤ ਸਬੰਧਿਤ ਸੇਵਾ ਦੀ ਪ੍ਰਤੀ ਬੇਨਤੀ ਆਰ.ਟੀ.ਓ. ਦਫ਼ਤਰ, ਐਸ.ਡੀ.ਐਮ. ਦਫ਼ਤਰ ਦੇ ਸਬੰਧਿਤ ਕਲਰਕ ਦੀ ਆਈ.ਡੀ. 'ਚ ਵੈਰੀਫਿਕੇਸ਼ਨ ਲਈ ਆ ਜਾਵੇਗੀ | ਜ਼ਿਕਰਯੋਗ ਹੈ ਕਿ ਇਨ੍ਹਾਂ ਸਹੂਲਤਾਂ 'ਚ ਲਰਨਰ ਲਾਇਸੈਂਸ, ਲਾਇਸੈਂਸ 'ਤੇ ਰਿਹਾਇਸ਼ੀ ਪਤੇ ਜਾਂ ਨਾਂਅ 'ਚ ਤਬਦੀਲੀ, ਡੁਪਲੀਕੇਟ ਲਾਇਸੈਂਸ ਜਾਰੀ ਕਰਵਾਉਣਾ, ਡਰਾਈਵਿੰਗ ਲਾਇਸੈਂਸ, ਜਿਸ 'ਚ ਡਰਾਈਵ ਟੈਸਟ ਦੀ ਜ਼ਰੂਰਤ ਨਹੀਂ, ਨੂੰ ਰੀਨਿਊ ਕਰਵਾਉਣਾ ਆਦਿ ਸੇਵਾਵਾਂ ਮੁੱਖ ਤੌਰ 'ਤੇ ਸ਼ਾਮਿਲ ਹਨ |