ਮੋਗਾ, 5 ਨਵੰਬਰ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੰਜਵੀਂ ਵਾਰ ਪ੍ਰਧਾਨ ਬਣਨ 'ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਇਤਿਹਾਸ ਸਿਰਜਿਆ ਹੈ ਅਤੇ ਉਹ ਇਕ ਸੂਝਵਾਨ ਤੇ ਦੂਰ-ਅੰਦੇਸ਼ੀ ਸੋਚ ਦੇ ਮਾਲਕ ਹਨ ਅਤੇ ਸਿੱਖਾਂ ਦੀ ਯੋਗ ਅਗਵਾਈ ਕਰਨ ਦੇ ਪੂਰੇ ਕਾਬਲ ਹਨ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਕੈਨੇਡਾ ਦੇ ਜਨਰਲ ਸਕੱਤਰ ਨਸੀਬ ਸਿੰਘ ਸੰਧੂਆਂ ਵਾਲਾ ਨੇ 'ਅਜੀਤ' ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਇਸ ਪੰਜਵੀਂ ਵਾਰ ਹੋਈ ਜਿੱਤ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਦੀ ਸਮੁੱਚੀ ਲੀਡਰਸ਼ਿਪ ਦਾ ਕੱਦ ਹੋਰ ਉੱਚਾ ਹੋਇਆ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਇਕੋ ਇਕ ਖੇਤਰੀ ਪਾਰਟੀ ਹੈ ਜੋ ਪੰਥਕ ਹਿਤਾਂ ਲਈ ਹਮੇਸ਼ਾ ਅੱਗੇ ਰਹੀ ਹੈ ਅਤੇ ਸਰਕਾਰ ਹੁੰਦਿਆਂ ਪੰਜਾਬ ਦੀ ਯੋਗ ਅਗਵਾਈ ਵੀ ਕੀਤੀ ਹੈ | ਉਨ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੁਖਬੀਰ ਸਿੰਘ ਬਾਦਲ ਨੂੰ ਵਧਾਈ ਦਿੰਦਿਆਂ ਕਿਹਾ ਕਿ ਕੈਨੇਡਾ ਵਿਚ ਸ਼੍ਰੋਮਣੀ ਅਕਾਲੀ ਦਲ ਦਿਨੋਂ-ਦਿਨ ਵੱਡਾ ਹੋ ਰਿਹਾ ਹੈ ਅਤੇ ਐਨ.ਆਰ.ਆਈ. ਜਿਨ੍ਹਾਂ ਨੇ ਆਪ ਪਾਰਟੀ ਨੂੰ ਜਿਤਾਉਣ ਵਿਚ ਮਦਦ ਕੀਤੀ ਸੀ, ਉਹ ਹੁਣ ਪਛਤਾਵਾ ਕਰਦੇ ਨਜ਼ਰ ਆਉਂਦੇ ਹਨ ਕਿਉਂਕਿ ਆਪ ਪਾਰਟੀ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਨਹੀਂ ਉੱਤਰੀ ਤੇ ਸਾਲ 2027 ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਲਿਆਉਣ ਵਿਚ ਉਹ ਅਹਿਮ ਭੂਮਿਕਾ ਨਿਭਾਉਣਗੇ |