ਕੋਟ ਈਸੇ ਖਾਂ, 6 ਨਵੰਬਰ (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਤੇ ਯੁਵਕ ਸੇਵਾਵਾਂ ਕਲੱਬ ਦੌਲੇਵਾਲਾ ਮਾਇਰ ਵਲੋਂ ਗੁਰਦੁਆਰਾ ਗੁਪਤਸਰ ਸਾਹਿਬ ਦੌਲੇਵਾਲਾ ਮਾਇਰ ਵਿਖੇ ਪੰਜਾਬ ਟਰਬਨ ਸੈਂਟਰ ਦੇ ਸਹਿਯੋਗ ਨਾਲ ਬੱਚਿਆਂ ਤੇ ਨੌਜਵਾਨਾਂ ਨੂੰ ਪੱਗਾਂ ਦਾ ਸਿਖਲਾਈ ਕੈਂਪ ਲਗਾਇਆ ਗਿਆ | ਜਿਸ 'ਚ ਬੱਚਿਆਂ ਤੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ | ਇਸ ਮੌਕੇ ਕਲੱਬ ਮੈਂਬਰਾਂ ਨੇ ਬੱਚਿਆਂ ਨੂੰ ਦਸਤਾਰ ਦੀ ਮਹੱਤਤਾ ਤੋਂ ਜਾਣੂੰ ਕਰਵਾਇਆ | ਪੰਜਾਬ ਦਸਤਾਰ ਸੈਂਟਰ ਦੇ ਸੰਚਾਲਕ ਹਰਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਸਿੱਖ ਧਰਮ 'ਚ ਪੱਗ ਪਹਿਲੀ ਪਾਤਸ਼ਾਹੀ ਦੇ ਸਮੇਂ ਤੋਂ ਹੀ ਬੰਨੀ ਜਾਂਦੀ ਸੀ ਅਤੇ ਸਿੱਖਾਂ ਦੇ ਸਰਬ ਉੱਚ ਅਸਥਾਨ ਪਾਉਂਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਸੋਹਣੀਆਂ ਦਸਤਾਰਾਂ ਸਜਾਉਣ ਦੇ ਮੁਕਾਬਲੇ ਕਰਵਾ ਕੇ ਜੇਤੂਆਂ ਨੂੰ ਖ਼ੁਦ ਇਨਾਮ ਵੰਡਿਆਂ ਕਰਦੇ ਸਨ | ਕਲੱਬ ਮੈਂਬਰਾਂ ਵਲੋਂ ਬੱਚਿਆਂ ਤੇ ਨੌਜਵਾਨਾਂ ਨੂੰ ਪੱਗਾ ਬੰਨ੍ਹਣ ਦੀ ਸਿਖਲਾਈ ਦਿੱਤੀ ਗਈ | ਇਸ ਮੌਕੇ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਅਮਰਦੀਪ ਸਿੰਘ ਨੇ ਕਿਹਾ ਕਿ ਪੱਗਾਂ ਜਿੱਥੇ ਸਿਰਾਂ ਦਾ ਤਾਜ ਹੁੰਦੀਆਂ ਹਨ, ਉੱਥੇ ਹੀ ਦਸਤਾਰ ਸਾਡੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਵਡਮੁੱਲੀ ਪਹਿਚਾਣ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਚਰਨ ਸਿੰਘ ਅਤੇ ਗਿਆਨੀ ਗੁਰਮੇਜ ਸਿੰਘ ਨੇ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸ਼ਹੀਦ ਸਿੰਘ ਭਗਤ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਦੇ ਸਰਪ੍ਰਸਤ ਗੁਰਦੇਵ ਸਿੰਘ ਮਨੇਸ, ਸਤਿਨਾਮ ਸਿੰਘ, ਅਮਰਦੀਪ ਸਿੰਘ, ਰਵਿੰਦਰ ਸਿੰਘ, ਲਾਡੀ ਸੁਰਿੰਦਰ ਸਿੰਘ ਛਿੰਦਾ, ਗੋਰਾ ਡਫਰਕੇ, ਪਾਰਸ ਵਿਰਦੀ, ਜਸ਼ਨ ਕੰਗ, ਲਵਜੀਤ ਆਦਿ ਹਾਜ਼ਰ ਸਨ |