ਕਿਸ਼ਨਪੁਰਾ ਕਲਾਂ, 25 ਨਵੰਬਰ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਲਾਗਲੇ ਪਿੰਡ ਤਲਵੰਡੀ ਮੱਲ੍ਹੀਆਂ ਦੇ ਸਮਾਜ ਸੇਵੀ ਕਮਲਦੀਪ ਸ਼ਰਮਾ ਪੁੱਤਰ ਸਵਰਗਵਾਸੀ ਅਮਰਜੀਤ ਸ਼ਰਮਾ ਵਲੋਂ ਇਕ ਵਿਸ਼ੇਸ਼ ਉਦਮ ਸਦਕਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਾਂਤਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪੈਣ ਉਪਰੰਤ ਹਜੂਰੀ ਰਾਗੀ ਭਾਈ ਸਤਨਾਮ ਸਿੰਘ ਵਲੋਂ ਕਥਾ ਕੀਰਤਨ ਕਰਦਿਆਂ ਬਲੀਦਾਨ, ਸ਼ਾਂਤੀ ਤੇ ਮਨੁੱਖਤਾ ਦੇ ਪ੍ਰਤੀਕ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ | ਗ੍ਰੰਥੀ ਭਾਈ ਸਤਨਾਮ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਸ਼ੇਰ ਸਿੰਘ ਆਦਿ ਅਹੁਦੇਦਾਰਾਂ ਨੇ ਸਮਾਜ ਸੇਵੀ ਕਮਲਦੀਪ ਸ਼ਰਮਾ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸਮਰਪਿਤ ਸਮਾਗਮ ਕਰਵਾਇਆ | ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ ਆਦਿ ਅਹੁਦੇਦਾਰਾਂ ਵਲੋਂ ਕਮਲਦੀਪ ਨੂੰ ਲੋਈ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕਰਦਿਆਂ ਸ਼ਰਮਾ ਪਰਿਵਾਰ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਗੁਰਪਿੰਦਰ ਸਿੰਘ, ਜਗਜੀਤ ਸਿੰਘ, ਅਮਨ ਸਿੰਘ, ਦਲਜੀਤ ਸਿੰਘ, ਕਮਲਜੀਤ ਸਿੰਘ, ਬਲਦੇਵ ਕਿ੍ਸ਼ਨ, ਸੂਬੇਦਾਰ ਗੁਰਮੀਤ ਸਿੰਘ ਮੱਲ੍ਹੀ, ਹਰਜੀਤ ਸਿੰਘ ਸੋਸਾਇਟੀ ਪ੍ਰਧਾਨ ਆਦਿ ਸੰਗਤਾਂ ਹਾਜ਼ਰ ਸਨ |