28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2025

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ <br/>

ਅਜੀਤ ਡੈਸਕ 26-11-2025
• ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ-ਮੋਗਾ, 25 ਨਵੰਬਰ (ਸੁਰਿੰਦਰਪਾਲ ਸਿੰਘ)-ਨਿਊ ਗਰੀਨ ਗਰੋਵ ਪਬਲਿਕ ਸਕੂਲ ਲੰਢੇਕੇ ਮੋਗਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਦਾ ਸਮੂਹਿਕ ਪਾਠ ਕਰਵਾਇਆ ਗਿਆ | ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਿਸ਼ਕਾਮ ਬਲੀਦਾਨ ਤੇ ਮਨੁੱਖਤਾ ਲਈ ਕੀਤੀਆਂ ਬੇਮਿਸਾਲ ਕੁਰਬਾਨੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਨਿਸ਼ਾ ਅਰੋੜਾ ਵਲੋਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਗੁਰੂ ਸਾਹਿਬ ਨੇ ਧਰਮ, ਸਚਾਈ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਸ਼ਹਾਦਤ ਦਿੱਤੀ | ਵਿਦਿਆਰਥੀਆਂ ਨੇ ਵੀ ਗੁਰਬਾਣੀ ਸਰਵਣ ਕੀਤੀ ਤੇ ਗੁਰੂ ਸਾਹਿਬ ਦੇ ਉਪਦੇਸ਼ਾਂ ਉੱਤੇ ਵਿਚਾਰ ਸਾਂਝੇ ਕੀਤੇ | ਇਸ ਸਮਾਗਮ ਰਾਹੀਂ ਪਿਆਰ, ਸਹਿਣਸ਼ੀਲਤਾ ਤੇ ਏਕਤਾ ਦਾ ਸੁਨੇਹਾ ਪ੍ਰਸਾਰਿਤ ਕੀਤਾ ਗਿਆ | ਸਮਾਗਮ ਦਾ ਅੰਤ ਸਮੂਹਿਕ ਅਰਦਾਸ ਤੇ ਪ੍ਰਸਾਦ ਵੰਡਣ ਨਾਲ ਹੋਇਆ | ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਕਾਰਜ ਵਿਦਿਆਰਥੀਆਂ ਵਿਚ ਨੇਕੀ ਤੇ ਗੁਰਮਤਿ ਵਿਚਾਰਧਾਰਾ ਪੈਦਾ ਕਰਦੇ ਹਨ |
• ਯੂਨੀਕ ਸਕੂਲ ਸਮਾਲਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ 'ਤੇ ਸਮਾਗਮ- ਸਮਾਲਸਰ, (ਗੁਰਜੰਟ ਕਲਸੀ ਲੰਡੇ)-ਇਲਾਕੇ ਦੀ ਨਾਮਵਰ ਸੰਸਥਾ ਯੂਨੀਕ ਸਕੂਲ ਆਫ਼ ਸਟੱਡੀਜ਼ ਸਮਾਲਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਸਵੇਰ ਦੀ ਸਭਾ ਵਿਚ ਅਧਿਆਪਕਾਂ ਤੇ ਵਿਦਿਆਰਥੀਆਂ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਕੀਤੀ ਗਈ | ਇਸ ਮੌਕੇ ਅਧਿਆਪਕਾ ਕਰਮਵੀਰ ਕੌਰ ਵਲੋਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਚਾਨਣਾ ਪਾਇਆ ਗਿਆ | ਇਸ ਤੋਂ ਬਾਅਦ ਗੁਰਮਤਿ ਅਧਿਆਪਕ ਹਰਮੰਦਰ ਸਿੰਘ ਨੇ 'ਹਿੰਦ ਦੀ ਚਾਦਰ' ਗੁਰੂ ਤੇਗ ਬਹਾਦਰ ਜੀ ਦੇ ਮਹਾਨ ਬਲੀਦਾਨ ਬਾਰੇ ਬੱਚਿਆਂ ਨੂੰ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਸੱਚ ਦੇ ਰਾਹ 'ਤੇ ਚੱਲਣ ਅਤੇ ਗੁਰੂ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਮੰਨਣ ਲਈ ਪ੍ਰੇਰਿਆ | ਇਸ ਮੌਕੇ ਪਿ੍ੰਸੀਪਲ ਯੋਗੇਸ਼ ਸ਼ਰਮਾ, ਸਮੂਹ ਅਧਿਆਪਕਾਂ ਅਤੇ ਵਿਦਿਆਰਥੀ ਹਾਜ਼ਰ ਸਨ |
• ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੇਮਕੁੰਟ ਸਕੂਲ 'ਚ ਸਮਾਗਮ-ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਸ੍ਰੀ ਹੇਮਕੁੰਟ ਸੀਨੀ: ਸੈਕੰਡਰੀ ਸਕੂਲ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਸਕੂਲ 'ਚ ਪਿਛਲੇ ਹਫ਼ਤੇ ਤੋਂ ਹੀ ਸਵੇਰ ਦੀ ਵਿਸ਼ੇਸ਼ ਪ੍ਰਾਰਥਨਾ ਸਭਾ ਵਿਚ ਅਧਿਆਪਕਾਂ ਵਲੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਉਪਦੇਸ਼ਾਂ ਅਤੇ ਸ਼ਹੀਦੀ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਗਈ | ਇਸ ਪਵਿੱਤਰ ਸਮਾਗਮ 'ਤੇ ਵਿਦਿਆਰਥੀਆਂ ਵਲੋਂ ਵਾਹਿਗੁਰੂ ਸਿਮਰਨ, ਮੂਲ-ਮੰਤਰ, ਜਪੁਜੀ ਸਾਹਿਬ, ਅਨੰਦ ਸਾਹਿਬ ਦੇ ਪਾਠ ਕੀਤੇ ਗਏ | ਮਿਊਜ਼ਿਕ ਅਧਿਆਪਕ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਰਮਨਦੀਪ ਕੌਰ ਤੇ ਉਸ ਦੇ ਗਰੁੱਪ ਨੇ ਬਹੁਤ ਹੀ ਸੁਰੀਲੇ ਅੰਦਾਜ਼ ਵਿਚ ''ਤੇਗ ਬਹਾਦਰ ਸਿਮਰੀਐ ਘਰ ਨਉ ਨਿਧਿ ਆਵੈ ਧਾਇ'' ਸ਼ਬਦ ਗਾਇਣ ਕੀਤਾ | ਉਪਰੰਤ ਜਸ਼ਨਦੀਪ ਸਿੰਘ ਵਲੋਂ ਸ਼ਰਧਾ ਭਾਵ ਨਾਲ ਅਰਦਾਸ ਕੀਤੀ | ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਤੇ ਐਮ.ਡੀ. ਮੈਡਮ ਰਣਜੀਤ ਕੌਰ ਸੰਧੂ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ | ਇਸ ਮੌਕੇ ਪਿ੍ੰਸੀਪਲ ਮੈਡਮ ਰਮਨਜੀਤ ਕੌਰ ਨੇ ਕਿਹਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਸਾਡੀ ਧਾਰਮਿਕ ਵਿਰਾਸਤ ਦਾ ਅਟੱਲ ਹਿੱਸਾ ਹੈ |
‘• ਅਜੀਤਵਾਲ ਕਾਲਜ ਵਲੋਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏ-ਅਜੀਤਵਾਲ, (ਹਰਦੇਵ ਸਿੰਘ ਮਾਨ)-ਲਾਲਾ ਲਾਜਪਤ ਰਾਏ ਮੈਮੋਰੀਅਲ ਗਰੁੱਪ ਆਫ਼ ਕਾਲਜਿਜ਼ ਅਜੀਤਵਾਲ (ਮੋਗਾ) ਵਿਖੇ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ | ਇਸ ਮੌਕੇ ਸੰਸਥਾ ਦੇ ਡਾਇਰੈਕਟਰ ਡਾ. ਚਮਨ ਲਾਲ ਸਚਦੇਵਾ ਨੇ ਵਿਦਿਆਰਥੀਆਂ ਨਾਲ ਰੂਬਰੂ ਹੁੰਦਿਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਗੁਰੂ ਜੀ ਦੇ ਜੀਵਨ ਤੋਂ ਪੇ੍ਰਰਨਾ ਲੈ ਕੇ ਉਨ੍ਹਾਂ ਦੀਆਂ ਦਿੱਤੀਆਂ ਸਿੱਖਿਆਵਾਂ ਨਾਲ ਅਮਨ ਸ਼ਾਂਤੀ ਤੇ ਸਾਂਝੀਵਾਲਤਾ ਦਾ ਪ੍ਰਚਾਰ ਕਰਨਾ ਅਤੀ ਜਰੂਰੀ ਹੈ | ਪ੍ਰੋਜੈਕਟ ਇੰਚਾਰਜ ਜਸਵੰਤ ਸਿੰਘ ਨੇ ਗੁਰੂ ਜੀ ਦੇ ਜੀਵਨ ਬਾਰੇ ਦੱਸਿਆ | ਇਸ ਮੌਕੇ ਵਿਦਿਆਰਥੀਆਂ ਨੇ ਵੀ ਗੁਰੂ ਸਾਹਿਬ ਜੀ ਦੇ ਜੀਵਨ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ | ਪਾਠ ਦੇ ਭੋਗ ਉਪਰੰਤ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਨੂੰ ਸੰਸਥਾ ਵਲੋਂ ਸਨਮਾਨਿਤ ਵੀ ਕੀਤਾ |
• ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ-ਕੋਟ ਈਸੇ ਖਾਂ, (ਗੁਰਮੀਤ ਸਿੰਘ ਖ਼ਾਲਸਾ)-ਪਾਥਵੇਅਜ਼ ਗਲੋਬਲ ਸਕੂਲ ਕੋਟ ਈਸੇ ਖਾਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਪਿ੍ੰਸੀਪਲ ਅਰਵਿੰਦ ਸ਼ਰਮਾ ਨੇ ਕਿਹਾ ਕਿ ਮੁਗ਼ਲਾਂ ਨੇ ਬਹੁਤ ਤਸੀਹੇ ਦੇ ਕੇ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਸੀ | ਇਸ ਮੌਕੇ ਬੱਚਿਆਂ ਨੇ ਕਵੀਸ਼ਰੀ ਗਾਇਨ, ਸ਼ਬਦ ਤੇ ਭਾਸ਼ਣ ਰਾਹੀਂ ਪੇਸ਼ਕਾਰੀਆਂ ਕੀਤੀਆਂ | ਇਸ ਮੌਕੇ ਸਕੂਲ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸਿੱਧੂ, ਪ੍ਰਧਾਨ ਡਾ. ਅਨਿਲਜੀਤ ਕੰਬੋਜ ਦੇ ਬੇਟੇ ਡਾ. ਚਾਹਤ ਕੰਬੋਜ, ਵਾਈਸ ਚੇਅਰਮੈਨ ਅਵਤਾਰ ਸਿੰਘ ਸੌਂਦ, ਸਤਨਾਮ ਸਿੰਘ ਸੌਂਦ, ਗੁਰਪ੍ਰੀਤ ਸਿੰਘ ਸਿੱਧੂ ਕੌਂਸਲਰ, ਜੋਗਿੰਦਰ ਸਿੰਘ ਸਰਪੰਚ, ਜਸਵਿੰਦਰ ਸਿੰਘ ਸਿੱਧੂ ਆਦਿ ਹਾਜਰ ਸਨ |

ਪਿਛਲੀ ਖ਼ਬਰ ਮਿਡ-ਡੇ-ਮੀਲ ਕੁੱਕ ਯੂਨੀਅਨ ਜ਼ਿਲ੍ਹਾ ਮੋਗਾ ਬਲਾਕ-1 ਤੇ 2 ਦੀ ਮੀਟਿੰਗ ਅਗਲੀ ਖ਼ਬਰ ਮਲੂਕਾ ਪਬਲਿਕ ਸਕੂਲ ਸਮਾਧ ਭਾਈ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।