ਮੋਗਾ, 25 ਨਵੰਬਰ (ਜਸਪਾਲ ਸਿੰਘ ਬੱਬੀ)-ਪੰਜਾਬ ਐਂਡ ਸਿੰਧ ਬੈਂਕ ਮੁਲਾਜ਼ਮ ਭਲਾਈ ਸੰਸਥਾ ਮੋਗਾ ਦੀ ਮੀਟਿੰਗ ਪ੍ਰਧਾਨ ਨਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਮੋਗਾ ਵਿਖੇ ਹੋਈ | ਮੀਟਿੰਗ ਦੀ ਕਾਰਵਾਈ ਜਨਰਲ ਸਕੱਤਰ ਹਰਜਿੰਦਰ ਸਿੰਘ ਕੰਡਾ ਨੇ ਚਲਾਈ | ਉਨ੍ਹਾਂ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਕਾਰਜਾਂ ਤੋਂ ਜਾਣੂੰ ਕਰਵਾਇਆ | ਉਨ੍ਹਾਂ ਦੱਸਿਆ ਕਿ ਕੈਸ਼ੀਅਰ ਬਲਦੇਵ ਸਿੰਘ ਆਜ਼ਾਦ ਦੇ ਬਿਮਾਰ ਰਹਿਣ ਕਾਰਨ ਜਸਵੰਤ ਸਿੰਘ ਨੂੰ ਬਤੌਰ ਕੈਸ਼ੀਅਰ ਦੀ ਜ਼ਿੰਮੇਵਾਰੀ ਸੌਂਪੀ ਗਈ | ਜਸਵੰਤ ਸਿੰਘ ਨੇ ਸਾਰੇ ਸਾਲ ਦਾ ਲੇਖਾ ਜੋਖਾ ਮੈਂਬਰਾਂ ਸਾਹਮਣੇ ਪੇਸ਼ ਕੀਤਾ | ਸਾਬਕਾ ਬੈਂਕ ਅਧਿਕਾਰੀ ਹਰਦੀਪ ਸਿੰਘ ਗਿੱਲ ਅਮਰੀਕਾ ਨੇ ਸੁਝਾਅ ਦਿੱਤਾ ਕਿ ਸੰਸਥਾ ਵਲੋਂ ਫੈਮਿਲੀ ਮਿਲਵਰਤਨ ਸਮਾਗਮ ਕੀਤਾ ਜਾਵੇ | ਦਰਸ਼ਨ ਸਿੰਘ ਮੱਲ੍ਹੀ ਨੇ ਕਿਹਾ ਕਿ ਸੰਸਥਾ ਦੀ ਮਜ਼ਬੂਤੀ ਲਈ ਮੈਂਬਰਸ਼ਿਪ ਵਿਚ ਵਾਧਾ ਕੀਤਾ ਜਾਵੇ | ਪ੍ਰਧਾਨ ਨਰੇਸ਼ ਕੁਮਾਰ ਨੇ ਕਿਹਾ ਕਿ ਮੈਂਬਰਾਂ ਦੇ ਸਹਿਯੋਗ ਨਾਲ ਸੰਸਥਾ ਵਲੋਂ ਲੋਕ ਭਲਾਈ ਕਾਰਜ ਜਾਰੀ ਰਹਿਣਗੇ | ਸੰਸਥਾ ਦੇ ਮੈਂਬਰਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਪਹਿਲ ਦੇ ਅਧਾਰ 'ਤੇ ਹੱਲ ਕਰਵਾਈਆਂ ਜਾਣਗੀਆਂ | ਪੰਜਾਬ ਐਂਡ ਸਿੰਧ ਬੈਂਕ ਦੇ ਅਧਿਕਾਰੀ ਦੀ ਸੇਵਾ ਮੁਕਤੀ ਹੋਣ ਤੇ ਗੁਰਿੰਦਰ ਸਿੰਘ ਨੂੰ ਸੰਸਥਾ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਪ੍ਰਧਾਨ ਨਰੇਸ਼ ਕੁਮਾਰ ਹਰਦੀਪ ਸਿੰਘ ਗਿੱਲ, ਬਲਵੀਰ ਸਿੰਘ ਸੱਗੂ, ਹਰਜਿੰਦਰ ਸਿੰਘ ਕੰਡਾ, ਸੀ.ਪੀ. ਸਿੰਘ, ਦਰਸ਼ਨ ਸਿੰਘ ਮੱਲ੍ਹੀ, ਜਸਵੰਤ ਸਿੰਘ ਆਦਿ ਹਾਜ਼ਰ ਸਨ |