ਮੋਗਾ, 3 ਦਸੰਬਰ (ਸੁਰਿੰਦਰਪਾਲ ਸਿੰਘ)-ਅਗਰਵਾਲ ਵੈਲਫੇਅਰ ਸਮਾਜ ਸਭਾ ਪੰਜਾਬ ਦੀ ਹੰਗਾਮੀ ਮੀਟਿੰਗ ਪ੍ਰਧਾਨ ਪੀ.ਐਨ. ਮਿੱਤਲ ਤੇ ਮਹਿਲਾ ਵਿੰਗ ਦੀ ਪ੍ਰਧਾਨ ਭਾਵਨਾ ਬਾਂਸਲ ਦੀ ਸਾਂਝੀ ਪ੍ਰਧਾਨਗੀ ਹੇਠ ਵੇਦਾਂਤ ਨਗਰ ਸਥਿਤ ਜਨਰਲ ਸਕੱਤਰ ਸੰਜੀਵ ਸਿੰਗਲਾ ਦੇ ਨਿਵਾਸ ਸਥਾਨ 'ਤੇ ਹੋਈ | ਅਗਰਵਾਲ ਵੈਲਫੇਅਰ ਸਮਾਜ ਸਭਾ ਦਾ ਵਿਸਥਾਰ ਕਰਨ ਲਈ ਨੌਜਵਾਨ ਐਡਵੋਕੇਟ ਜਗਰੀਤ ਸਿੰਗਲਾ ਨੂੰ ਸਭਾ ਦਾ ਕਾਨੂੰਨੀ ਸਲਾਹਕਾਰ ਨਿਯੁਕਤ ਕੀਤਾ ਗਿਆ | ਇਸ ਮੌਕੇ ਪੰਜਾਬ ਦੇ ਪ੍ਰਧਾਨ ਪੀ.ਐਨ. ਮਿੱਤਲ ਅਤੇ ਮਹਿਲਾ ਵਿੰਗ ਦੀ ਪ੍ਰਧਾਨ ਭਾਵਨਾ ਬਾਂਸਲ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਭੇਟ ਕੀਤਾ | ਸੰਜੀਵ ਸਿੰਗਲਾ, ਸੰਤ ਰਾਮ ਗੁਪਤਾ, ਪਿ੍ਆਵਰਤ ਗੁਪਤਾ, ਮਹੇਸ਼ ਮਿੱਤਲ, ਸੁਰਿੰਦਰ ਅਗਰਵਾਲ, ਕਰਨ ਬਾਂਸਲ ਅਤੇ ਦਿਨੇਸ਼ ਗੁਪਤਾ ਨੇ ਨਵ-ਨਿਯੁਕਤ ਐਡਵੋਕੇਟ ਜਗਰੀਤ ਸਿੰਗਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ | ਮੌਜੂਦ ਸਾਰੇ ਮੈਂਬਰਾਂ ਨੇ ਨੌਜਵਾਨ ਐਡਵੋਕੇਟ ਜਗਰੀਤ ਸਿੰਗਲਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਨਿਯੁਕਤੀ 'ਤੇ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਅਗਰਵਾਲ ਭਲਾਈ ਸਮਾਜ ਸਭਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਹਰ ਸੰਭਵ ਯਤਨ ਕਰਨਗੇ | ਮੀਟਿੰਗ 'ਚ ਅਗਰਵਾਲ ਭਲਾਈ ਸਮਾਜ ਸਭਾ ਵਲੋਂ ਕੀਤੇ ਜਾਣ ਵਾਲੇ ਭਵਿੱਖ ਦੇ ਸਮਾਜ ਭਲਾਈ ਕਾਰਜਾਂ ਬਾਰੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ | ਇਸ ਮੌਕੇ ਮਹਿਲਾ ਵਿੰਗ ਦੀ ਪ੍ਰਧਾਨ ਭਾਵਨਾ ਬਾਂਸਲ ਨੇ ਕਿਹਾ ਕਿ ਮਹਿਲਾ ਵਿੰਗ ਨੂੰ ਸੰਗਠਿਤ ਕਰਨ ਲਈ ਇਕ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਔਰਤਾਂ ਵੀ ਸਮਾਜ ਸੇਵਾ ਦੇ ਕੰਮਾਂ ਵਿਚ ਮੋਹਰੀ ਭੂਮਿਕਾ ਨਿਭਾ ਸਕਣ |