ਮਲੇਰਕੋਟਲਾ, 22 ਜੂਨ (ਮੁਹੰਮਦ ਹਨੀਫ਼ ਥਿੰਦ, ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਅਤੇ ਨਸ਼ਿਆਂ ਦਾ ਲੱਕ ਤੋੜਨ ਲਈ ਪੰਜਾਬ ਪੁਲਿਸ ਵਲੋਂ ਵਿੱਢੀ ਹੋਈ ਬੇਕਿਰਕ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਅੱਜ ਪੰਜਾਬ ਪੁਲਿਸ ਦੇ ਆਈ.ਜੀ. ਜਨਾਬ ਬਲਜੋਤ ਸਿੰਘ ਰਾਠੌਰ ਦੀ ਦੇਖ ਰੇਖ ਨ ਹੇਠ ਮਲੇਰਕੋਟਲਾ ਵਿਖੇ ਅੱਜ ਤੜਕਸਾਰ ਤੋਂ ਹੀ ਜ਼ਿਲ੍ਹਾ ਮਲੇਰਕੋਟਲਾ ਦੇ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਦੀ ਅਗਵਾਈ ਹੇਠ ਅਤੇ ਐੱਸ.ਪੀ. ਇੰਨਵੈਸਟੀਗੇਸ਼ਨ ਜਨਾਬ ਸਤਪਾਲ ਸ਼ਰਮਾ, ਜ਼ਿਲ੍ਹਾ ਟਰੈਫ਼ਿਕ ਪੁਲਿਸ ਦੇ ਇੰਚਾਰਜ ਡੀ.ਐੱਸ.ਪੀ. ਰਣਜੀਤ ਸਿੰਘ ਬੈਂਸ, ਡੀ.ਐੱਸ.ਪੀ.ਇੰਨਵੈਸਟੀਗੇਸ਼ਨ ਜਨਾਬ ਮਾਨਵਜੀਤ ਸਿੰਘ ਸਿੱਧੂ ਅਤੇ ਵੱਖ-ਵੱਖ ਥਾਣਿਆਂ ਦੇ ਇੰਚਾਰਜਾਂ ਅਤੇ 200 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ. ਜਨਾਬ ਬਲਜੋਤ ਸਿੰਘ ਰਾਠੌਰ ਨੇ ਦੱਸਿਆ ਕਿ ਅੱਜ ਮਲੇਰਕੋਟਲਾ ਦੀਆਂ ਪੁਲਿਸ ਟੀਮਾਂ ਵਲੋਂ ਸ਼ਹਿਰ ਦੀਆਂ ਵੱਖ-ਵੱਖ ਪੰਜ ਥਾਵਾਂ 'ਤੇ ਨਸ਼ਿਆਂ ਖਿਲਾਫ਼ ਤਲਾਸ਼ੀ ਅਭਿਆਨ ਚਲਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਲਈ ਚਾਹੇ ਕਿੰਨਾ ਵੀ ਸਮਾਂ ਲੱਗੇ ਅਜਿਹੇ ਲੋਕਾਂ ਦਾ ਨਸ਼ਾ ਜ਼ਰੂਰ ਛੁਡਾਇਆ ਜਾਵੇਗਾ ਤਾਂ ਜੋ ਅਜਿਹੇ ਲੋਕਾਂ ਨੂੰ ਸਮਾਜ ਵਿਚ ਰਹਿ ਕੇ ਪੂਰਾ ਮਾਣ-ਸਤਿਕਾਰ ਮਿਲ ਸਕੇ | ਉਨ੍ਹਾਂ ਕਿਹਾ ਕਿ ਪੁਲਿਸ ਕਿਸੇ ਦੀ ਦੋਖੀ ਨਹੀਂ ਹੈ, ਬਲਕਿ ਨਸ਼ਾ ਛੱਡਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਅੱਗੇ ਆਕੇ ਆਪਣਾ ਨਸ਼ਾ ਛੱਡਣ ਲਈ ਨਸ਼ਾ ਛੁਡਾਊ ਕੇਂਦਰਾਂ ਵਿਚ ਆਪਣਾ ਇਲਾਜ ਕਰਵਾਉਣ ਜਿਸ ਵਿਚ ਉਨ੍ਹਾਂ ਦਾ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਹੀ ਭਲਾ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਪੁਲਿਸ ਟੀਮਾਂ ਵਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਦੀ ਪੈੜਾਂ ਨੱਪਣ ਲਈ ਲਗਾਤਾਰ ਨਾਕਾਬੰਦੀ ਵੀ ਕੀਤੀ ਜਾ ਰਹੀ ਹੈ | ਪੰਜਾਬ ਦੇ ਕਈ ਨਸ਼ਾ ਛੁਡਾਊ ਕੇਂਦਰਾਂ 'ਚ ਇਲਾਜ ਅਧੀਨ ਫ਼ਰਾਰ ਹੋਣ ਵਾਲੇ ਲੋਕਾਂ ਬਾਰੇ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਨਸ਼ਾ ਬਹੁਤ ਹੀ ਘਟੀਆ ਕਿਸਮ ਦਾ ਹੈ, ਜਿਸ ਦੇ ਸਰੂਰ ਕਾਰਨ ਇਲਾਜ ਅਧੀਨ ਅਜਿਹੇ ਲੋਕ ਫ਼ਰਾਰ ਹੋ ਜਾਂਦੇ ਹਨ | ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵੀ ਦੁਖੀ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਬਾਰਡਰ ਏਰੀਆ ਵਿਚ ਨਸ਼ੇ ਦੀ ਸਪਲਾਈ ਚੇਨ ਨੂੰ ਤੋੜਨ ਲਈ ਕੇਂਦਰ ਦੀਆਂ ਏਜੰਸੀਆਂ ਅਤੇ ਪੰਜਾਬ ਪੁਲਿਸ ਮਿਲ ਕੇ ਕੰਮ ਕਰ ਰਹੀਆਂ ਹਨ, ਜਿਸ ਨਾਲ ਬਾਰਡਰ ਏਰੀਏ 'ਚੋਂ ਲਗਾਤਾਰ ਵੱਡੀਆਂ ਰਿਕਵਰੀਆਂ ਵੀ ਹੋ ਰਹੀਆਂ ਹਨ | ਉਨ੍ਹਾਂ ਲੋਕਾਂ ਅਤੇ ਮੀਡੀਆ ਨੂੰ ਅੱਗੇ ਆਕੇ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਨਸ਼ਾ ਤਸਕਰਾਂ 'ਤੇ ਕਾਨੂੰਨੀ ਕਾਰਵਾਈ ਕਰ ਕੇ ਨੱਥ ਪਾਈ ਜਾ ਸਕੇ | ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਨੇ ਕਿਹਾ ਕਿ ਅੱਜ ਦੇ ਤਲਾਸ਼ੀ ਅਭਿਆਨ ਦੌਰਾਨ ਕਈ ਵਿਅਕਤੀਆਂ ਨੂੰ ਰਾਊਾਡਅੱਪ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ | ਇਸ ਮੌਕੇ ਸੀ.ਆਈ.ਏ. ਸਟਾਫ਼ ਮਾਹੋਰਾਨਾ ਦੇ ਇੰਚਾਰਜ ਇੰਸਪੈਕਟਰ ਹਰਸਿਮਰਨਜੀਤ ਸਿੰਘ, ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਇੰਸਪੈਕਟਰ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ |