ਅਮਰਗੜ੍ਹ, 22 ਜੂਨ (ਜਤਿੰਦਰ ਮੰਨਵੀ, ਪਵਿੱਤਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਦਮ ਸਦਕਾ ਗੁਰਦੁਆਰਾ ਮੀਰੀ ਪੀਰੀ ਸਾਹਿਬ ਜਾਗੋਵਾਲ ਵਿਖੇ 10 ਰੋਜ਼ਾ ਗੁਰਮਤਿ ਸਿਖਲਾਈ ਕੈਂਪ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ | ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਭਲਵਾਨ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ, ਰਹਿਤ ਮਰਯਾਦਾ, ਅਤੇ ਦਸਤਾਰ ਤੇ ਦੁਮਾਲੇ ਦੀ ਸਿਖਲਾਈ ਪ੍ਰਦਾਨ ਕਰਨਾ ਸੀ | ਕੈਂਪ ਵਿਚ 60 ਬੱਚਿਆਂ ਨੇ ਹਿੱਸਾ ਲੈ ਕੇ ਸਿੱਖੀ ਦੇ ਅਮੁੱਲ ਸਿਧਾਂਤਾਂ ਦੀ ਡੂੰਘੀ ਸਮਝ ਹਾਸਲ ਕੀਤੀ | ਕੈਂਪ ਦੌਰਾਨ ਦਸਤਾਰ ਕੋਚ ਅਰਸ਼ਦੀਪ ਸਿੰਘ ਨੇ ਬੱਚਿਆਂ ਨੂੰ ਦਸਤਾਰ ਅਤੇ ਦੁਮਾਲਾ ਸਜਾਉਣ ਦੀ ਵਿਧੀ ਸਿਖਾਈ ਜਦਕਿ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਚਰਨਜੀਤ ਸਿੰਘ ਨੇ ਗੁਰਮਤਿ ਸਿਧਾਂਤਾਂ ਦੀ ਸਿਖਲਾਈ ਦਿੱਤੀ | ਸਮਾਗਮ ਦੇ ਅੰਤਿਮ ਦਿਨ ਸ਼ਾਨਦਾਰ ਦਸਤਾਰ ਅਤੇ ਦੁਮਾਲਾ ਸਜਾਉਣ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਨੌਜਵਾਨਾਂ ਨੇ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ | ਮੁਕਾਬਲੇ ਵਿਚ ਹਰਸਿਵਜੋਤ ਸਿੰਘ ਨੇ ਪਹਿਲਾ, ਹਰਬਖ਼ਸ਼ ਸਿੰਘ ਨੇ ਦੂਜਾ, ਅਤੇ ਰਮਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ | ਲੜਕੀਆਂ ਵਿਚ ਜਬਨੀਤ ਕੌਰ ਨੇ ਪਹਿਲਾ, ਦਿਲਪ੍ਰੀਤ ਕੌਰ ਨੇ ਦੂਜਾ ਅਤੇ ਉਸਤਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਜਥੇਦਾਰ ਭੁਪਿੰਦਰ ਸਿੰਘ ਭਲਵਾਨ ਨੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਮੈਡਲਾਂ ਨਾਲ ਸਨਮਾਨਿਤ ਕੀਤਾ, ਜਦਕਿ ਸਾਰੇ ਹਿੱਸਾ ਲੈਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ, ਜਿਸ ਨੇ ਸਮਾਗਮ ਦੀ ਰੌਣਕ ਵਧਾਈ | ਜਥੇਦਾਰ ਭਲਵਾਨ ਨੇ ਸੰਬੋਧਨ ਵਿਚ ਨੌਜਵਾਨਾਂ ਨੂੰ ਖੰਡੇ-ਬਾਟੇ ਦੀ ਪਾਹੁਲ ਲੈ ਕੇ ਸਿੱਖੀ ਦੇ ਮਾਰਗ 'ਤੇ ਅਡੋਲ ਰਹਿਣ ਦੀ ਪ੍ਰੇਰਨਾ ਦਿੱਤੀ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਿੱਖੀ ਦੀ ਸੰਭਾਲ ਅਤੇ ਪ੍ਰਚਾਰ ਲਈ ਅਮਰਗੜ੍ਹ ਇਲਾਕੇ ਵਿਚ ਦੋ ਪ੍ਰਚਾਰਕ ਅਤੇ ਇੱਕ ਢਾਡੀ ਦੀ ਡਿਊਟੀ ਨਿਯੁਕਤ ਕੀਤੀ ਗਈ ਹੈ | ਉਨ੍ਹਾਂ ਨੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਕੀਤੀ ਕਿ ਗੁਰਮਤਿ ਸਮਾਗਮਾਂ ਲਈ ਪ੍ਰਚਾਰਕਾਂ ਨਾਲ ਸੰਪਰਕ ਕਰਨ, ਤਾਂ ਜੋ ਸਿੱਖੀ ਪ੍ਰਚਾਰ ਦੇ ਅਹਿਮ ਕਦਮ ਚੁੱਕੇ ਜਾ ਸਕਣ | ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਜਿਹੇ ਸਮਾਗਮ ਅਤੇ ਸਿਖਲਾਈ ਜਾਰੀ ਰਹੇਗੀ | ਇਸ ਮੌਕੇ ਖਜ਼ਾਨਚੀ ਬਲਵੀਰ ਸਿੰਘ, ਹੈੱਡ ਗ੍ਰੰਥੀ ਹਰਪ੍ਰੀਤ ਸਿੰਘ ਚੌਂਦਾ, ਜਗਦੀਪ ਸਿੰਘ ਫੌਜੀ, ਸਾਬਕਾ ਥਾਣੇਦਾਰ ਗੁਰਮੇਲ ਸਿੰਘ ਆਦਿ ਹਾਜ਼ਰ ਸਨ |