ਸੰਦੌੜ, 16 ਅਕਤੂਬਰ (ਜਸਵੀਰ ਸਿੰਘ ਜੱਸੀ) - ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਅਧਿਆਪਕਾਂ ਦੀ ਟਰੇਨਿੰਗ ਲਈ ਵੱਖ-ਵੱਖ ਉਪਰਾਲੇ ਕੀਤੇ ਜਾਂਦੇ ਰਹੇ ਹਨ | ਇਸੇ ਹੀ ਸਿਲਸਿਲੇ ਵਿਚ ਬੀਤੇ ਦਿਨੀਂ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਦੇ ਸਾਇੰਸ ਅਧਿਆਪਕਾਂ ਦੇ ਲਈ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ, ਖ਼ੁਦਾਪੁਰਾ, ਬੈਂਗਲੁਰੂ, ਕਰਨਾਟਕਾ ਵਿਖੇ ਇਕ ਕਪੈਸਿਟੀ ਬਿਲਡਿੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਹਰੇਕ ਜ਼ਿਲ੍ਹੇ ਦੇ ਪੰਜ ਸਾਇੰਸ ਅਧਿਆਪਕਾਂ ਨੂੰ ਟਰੇਨਿੰਗ ਪ੍ਰਾਪਤ ਕਰਨ ਲਈ ਚੁਣਿਆ ਗਿਆ | ਜਿਸ ਵਿਚ ਜ਼ਿਲ੍ਹਾ ਮਲੇਰਕੋਟਲਾ ਦੇ ਪੰਜ ਪ੍ਰਤਿਭਾਸ਼ਾਲੀ ਸਾਇੰਸ ਅਧਿਆਪਕ ਵਰਿੰਦਰ ਸਿੰਘ ਫਰਵਾਲੀ, ਸਰਕਾਰੀ ਹਾਈ ਸਕੂਲ ਝੁਨੇਰ, ਦਲਬਾਰਾ ਸਿੰਘ ਸਰਕਾਰੀ ਹਾਈ ਸਕੂਲ ਖ਼ੁਰਦ, ਮੁਸਤਜਾਬ ਨਿਆਜ਼ੀ, ਸਰਕਾਰੀ ਹਾਈ ਸਕੂਲ ਅਮਾਮਗੜ, ਸੋਹਣ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੰਨਵੀ ਅਤੇ ਨਵਦੀਪ ਸਿੰਘ, ਸਰਕਾਰੀ ਹਾਈ ਸਕੂਲ ਭੂਦਨ ਸ਼ਾਮਿਲ ਹੋਏ | ਇਹ ਦਸ ਰੋਜ਼ਾ ਟਰੇਨਿੰਗ ਪ੍ਰੋਗਰਾਮ 05 ਅਕਤੂਬਰ ਤੋਂ 14 ਅਕਤੂਬਰ ਤੱਕ ਚੱਲਿਆ | ਇਸ ਟਰੇਨਿੰਗ ਪ੍ਰੋਗਰਾਮ ਅਧੀਨ ਟੈਲੈਂਟ ਡਿਵੈਲਪਮੈਂਟ ਸੈਂਟਰ, ਇੰਡੀਅਨ ਇੰਸਟੀਟਿਊਟ ਆਫ਼ ਸਾਇੰਸ ਖ਼ੁਦਾਪੁਰਾ, ਕਰਨਾਟਕਾ ਦੇ ਬਹੁਤ ਹੀ ਕਾਬਿਲ ਫੈਕਲਟੀ ਮੈਂਬਰਾਨ ਵਲੋਂ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਗਈ | ਇਸ ਟਰੇਨਿੰਗ ਪ੍ਰੋਗਰਾਮ ਤਹਿਤ ਅਧਿਆਪਕਾਂ ਨੂੰ ਸਾਇੰਸ ਵਿਸ਼ੇ ਵਿਚ ਹੋਈਆਂ ਨਵੀਆਂ ਖੋਜਾਂ ਅਤੇ ਤਕਨੀਕਾਂ ਸਬੰਧੀ ਵਾਕਫ਼ ਕਰਵਾਇਆ ਗਿਆ | ਵਿਸ਼ੇ ਨਾਲ ਸਬੰਧਿਤ ਆਪਣੇ ਗਿਆਨ ਨੂੰ ਅੱਪਡੇਟ ਕਰਨ ਅਤੇ ਅਧਿਆਪਕ ਸਾਹਿਬਾਨ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਇਹ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ |