ਅਹਿਮਦਗੜ੍ਹ, 16 ਅਕਤੂਬਰ (ਪੁਰੀ, ਮਹੋਲੀ, ਖੇੜਾ) - ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਵਲੋਂ ਪੋਹੀੜ ਡੀ. ਐਮ. ਸੀ. ਹਸਪਤਾਲ ਵਿਖੇ ਪ੍ਰੋਜੈਕਟ ਰੌਸ਼ਨੀ ਤਹਿਤ ਅੱਖਾਂ ਦੀ ਬਿਮਾਰੀਆਂ ਦੇ ਇਲਾਜ ਲਈ ਅੱਜ ਤੋਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਜਿੱਥੇ ਆਧੁਨਿਕ ਵਿਦੇਸ਼ੀ ਮਸ਼ੀਨਾਂ ਨਾਲ ਅੱਖਾਂ ਦੀਆਂ ਬਿਮਾਰੀਆਂ ਦਾ ਸਸਤਾ ਇਲਾਜ ਹੋਵੇਗਾ | ਇਹ ਜਾਣਕਾਰੀ ਦਿੰਦਿਆਂ ਅੱਜ ਡੀ ਐਮ ਸੀ ਲੁਧਿਆਣਾ ਦੀ ਮੈਨੇਜਿੰਗ ਕਮੇਟੀ ਦੇ ਵਾਈਸ ਚੇਅਰਮੈਨ ਸੁਦਰਸ਼ਨ ਸ਼ਰਮਾ ਜਲੰਧਰ ਨੇ ਇਸ ਪ੍ਰੋਜੈਕਟ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੇਂਡੂ ਖੇਤਰ ਵਿਚ ਪੰਜਾਬ ਦੇ ਸਭ ਤੋਂ ਉੱਤਮ ਮੈਡੀਕਲ ਅਦਾਰੇ ਡੀ.ਐਮ.ਸੀ. ਲੁਧਿਆਣਾ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ | ਇਸ ਮੌਕੇ ਉਨ੍ਹਾਂ ਇਲਾਕੇ ਦੇ ਇਕੱਠੇ ਹੋਏ ਪਤਵੰਤਿਆਂ ਨੂੰ ਦੱਸਿਆ ਕਿ ਸੰਸਥਾ ਵੱਲੋਂ ਇਹ ਪ੍ਰੋਜੈਕਟ ਵਿਸ਼ੇਸ਼ ਕਰ ਕੇ ਬੱਚਿਆਂ ਲਈ ਸ਼ੁਰੂ ਕੀਤਾ ਗਿਆ ਹੈ ਜੋ ਬਚਪਨ 'ਚ ਬਿਨਾਂ ਇਲਾਜ ਤੋਂ ਅੱਖਾਂ ਦੀ ਰੌਸ਼ਨੀ ਗੁਆ ਬੈਠਦੇ ਹਨ | ਅੱਖਾਂ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਮਾਹਿਰ ਡਾਕਟਰ ਪ੍ਰੋਫੈਸਰ ਪਿ੍ਯੰਕਾ ਅਰੋੜਾ ਜੋ ਪ੍ਰੋਜੈਕਟ ਰੌਸ਼ਨੀ ਮਿਸ਼ਨ ਦੇ ਇੰਚਾਰਜ ਹਨ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਪੇਂਡੂ ਖੇਤਰ ਦੇ ਹਸਪਤਾਲ ਵਿਚ ਉੱਚਤਮ ਰਿਫਲੈਕਸ਼ਨ ਮਸ਼ੀਨ ਅਤੇ ਐਡਵਾਂਸ ਸਲਿਪ ਲੈਂਪ ਮਸ਼ੀਨ ਉਪਲਬਧ ਕਰਵਾਈ ਜਾਣੀ ਇਹ ਬਹੁਤ ਵੱਡਾ ਕਾਰਜ ਹੈ ਜੋ ਡੀ ਐਮ ਸੀ ਲੁਧਿਆਣਾ ਵਲੋਂ ਪਹਿਲ ਕਦਮੀ ਤਹਿਤ ਕੀਤਾ ਗਿਆ | ਇਸ ਮੌਕੇ ਤੇ ਡੀ.ਐਮ.ਸੀ. ਮੈਨੇਜਿੰਗ ਕਮੇਟੀ ਦੇ ਸੈਕਟਰੀ ਵਿਪਨ ਗੁਪਤਾ, ਕੈਸ਼ੀਅਰ ਮੁਕੇਸ਼ ਵਰਮਾ, ਜੁਆਇੰਟ ਸੈਕਟਰੀ ਰਿਸ਼ੀ ਰਾਜ, ਡੀ.ਐਮ.ਸੀ ਲੁਧਿਆਣਾ ਦੇ ਦਿਲ ਦੀਆਂ ਬਿਮਾਰੀਆਂ ਦੇ ਪ੍ਰਸਿੱਧ ਡਾਕਟਰ ਵਿਸ਼ਵ ਮੋਹਨ, ਪਲਾਸਟਿਕ ਸਰਜਰੀ ਦੇ ਹੈੱਡ ਡਾ. ਰਾਜਿੰਦਰ ਮਿੱਤਲ ਤੋਂ ਇਲਾਵਾ ਸਟੇਟ ਐਵਾਰਡੀ ਡਾ. ਸੁਨੀਤ ਹਿੰਦ, ਸਟੇਟ ਐਵਾਰਡੀ ਸੰਸਥਾ ਮੁੰਡੇ ਅਹਿਮਦਗੜ੍ਹ ਦੇ ਪ੍ਰਧਾਨ ਰਕੇਸ਼ ਗਰਗ, ਪ੍ਰੋਫੈਸਰ ਐਸ.ਪੀ. ਸੋਫਤ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਸਰਪੰਚ ਜਗਦੇਵ ਸਿੰਘ ਲਹਿਰਾ, ਗੁਰਚਰਨ ਪਾਲ ਸਿੰਘ ਪੋਹੀੜ, ਐਸ.ਐਮ.ਓ. ਅਹਿਮਦਗੜ੍ਹ ਡਾ. ਜਯੋਤੀ ਹਿੰਦ, ਅਜੇ ਜੈਨ, ਪਿ੍ੰਸੀਪਲ ਬਿਪਨ ਸੇਠੀ, ਕਮਲਜੀਤ ਸਿੰਘ ਢਿੱਲੋਂ ਘੁੰਗਰਾਣਾ ਆਦਿ ਵਿਸ਼ੇਸ਼ ਕਰ ਕੇ ਹਾਜ਼ਰ ਸਨ | ਪੋਹੀੜ ਹਸਪਤਾਲ ਦੇ ਇੰਚਾਰਜ ਡਾਕਟਰ ਐਸ ਪੀ ਸਿੰਘ ਨੇ ਇਸੇ ਸਬੰਧੀ ਦੱਸਿਆ ਕਿ ਸੇਵਾ ਫਾਊਾਡੇਸ਼ਨ ਕੈਨੇਡਾ, ਡਾਕਟਰ ਸਰਾਫ ਟਰੱਸਟ ਦਿੱਲੀ, ਹਰਿੰਦਰ ਸਿੰਘ ਢਿੱਲੋਂ ਤੇ ਹਰ ਪ੍ਰਤਾਪ ਸਿੰਘ ਢਿੱਲੋਂ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਨਾਲ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਤਹਿਤ ਅੱਖਾਂ ਦੀਆਂ ਬਿਮਾਰੀਆਂ ਦੇ ਸਸਤੇ ਇਲਾਜ ਹੋਣਗੇ |