ਬਠਿੰਡਾ, 16 ਅਕਤੂਬਰ (ਸੱਤਪਾਲ ਸਿੰਘ ਸਿਵੀਆਂ)-ਕੇਂਦਰ ਦੀ ਭਾਜਪਾ ਸਰਕਾਰ ਅਤੇ ਸੰਘ ਉਪਰ ਜਾਤੀਵਾਦ ਤੇ ਵਿਤਕਰੇ ਨੂੰ ਸੰਸਥਾਗਤ ਰੂਪ ਦੇਣ ਦੇ ਦੋਸ਼ ਲਗਾਉਂਦਿਆਂ ਅੱਜ ਜਨਤਕ ਜਥੇਬੰਦੀਆਂ ਵਲੋਂ ਬਠਿੰਡਾ 'ਚ ਕੇਂਦਰ ਦੀ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ | ਸਥਾਨਕ ਮਿੰਨੀ ਸਕੱਤਰੇਤ ਨੇੜੇ ਸਥਿਤ ਡਾ. ਭੀਮ ਰਾਓ ਅੰਬੇਦਕਰ ਪਾਰਕ ਵਿਖੇ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਆਰ. ਐਮ. ਪੀ. ਆਈ. ਦੇ ਵਿੱਤ ਸਕੱਤਰ ਪ੍ਰਕਾਸ਼ ਸਿੰਘ ਨੰਦਗੜ੍ਹ, ਓਮ ਪ੍ਰਕਾਸ਼, ਭੋਲਾ ਸਿੰਘ ਬਾਮਸੇਫ, ਲਿਬਰੇਸ਼ਨ ਆਗੂ ਕਾਮਰੇਡ ਅਮੀ ਲਾਲ, ਦਰਸ਼ਨ ਮÏੜ ਪੈਨਸ਼ਨਰ, ਗੁਰਮੀਤ ਸਿੰਘ ਪ੍ਰਧਾਨ ਅਤੇ ਨਛੱਤਰ ਸਿੰਘ ਰੈੱਡ ਸਟਾਰ ਪਾਰਟੀ ਨੇ ਕਿਹਾ ਕਿ ਜਦੋਂ ਤੋਂ ਦੇਸ਼ ਦੀ ਵਾਗਡੋਰ ਭਾਜਪਾ ਦੇ ਹੱਥ ਵਿਚ ਆਈ ਹੈ, ਉਸ ਸਮੇਂ ਬਾਅਦ ਦੇਸ਼ ਅੰਦਰ ਜਾਤੀਵਾਦੀ ਤੇ ਧਾਰਮਿਕ ਵਿਤਕਰੇਬਾਜ਼ੀ ਵਿਚ ਵਾਧਾ ਹੋਇਆ ਹੈ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਇਕ ਸ਼ਰਾਰਤੀ ਅਨਸਰ ਵਲੋਂ ਸੁਪਰੀਮ ਕੋਰਟ ਦੇ ਜਸਟਿਸ ਬੀ. ਆਰ. ਗਵਈ ਉਪਰ ਜੁੱਤੀ ਸੁਟ ਕੇ ਉਨ੍ਹਾਂ ਦੀ ਗਰੀਮਾ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਹਰਿਆਣਾ ਦੇ ਏ. ਡੀ. ਜੀ. ਪੀ. ਵਾਈ. ਪੂਰਨ ਕੁਮਾਰ ਨੇ ਇਸ ਜਾਤੀ ਵਿਤਕਰੇ ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ | ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਦੇ ਉੱਚ ਅਹੁਦਿਆਂ ਉੱਪਰ ਬੈਠੇ ਲੋਕਾਂ ਨਾਲ ਅਜਿਹੀਆਂ ਜਾਤੀਵਾਦੀ ਘਟਨਾਵਾਂ ਵਾਪਰ ਰਹੀਆਂ ਹਨ ਤਾਂ ਇਸ ਵਰਗ ਦੇ ਆਮ ਲੋਕ ਕਿਵੇਂ ਸੁਰੱਖਿਅਤ ਰਹਿ ਸਕਣਗੇ | ਉਨ੍ਹਾਂ ਕਿਹਾ ਕਿ ਅਜਿਹੀ ਨਫਰਤੀ ਸੋਚ ਨੂੰ ਤੁਰੰਤ ਠੱਲ੍ਹ ਪਾਈ ਜਾਵੇ ਅਤੇ ਉਕਤ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਸੁੱਟਿਆ ਜਾਵੇ, ਨਹੀਂ ਤਾਂ ਜਨਤਕ ਜਥੇਬੰਦੀਆਂ ਸੜਕਾਂ ਉਪਰ ਉੱਤਰਨ ਲਈ ਮਜਬੂਰ ਹੋਣਗੀਆਂ |