ਲੌਂਗੋਵਾਲ, 25 ਨਵੰਬਰ (ਵਿਨੋਦ, ਖੰਨਾ)-ਇਲਾਕੇ ਦੀਆਂ ਵੱਖ-ਵੱਖ ਜਨਤਕ ਜਮਹੂਰੀ ਅਤੇ ਲੋਕਪੱਖੀ ਜਥੇਬੰਦੀਆਂ ਨੇ ਜਲੰਧਰ ਵਿਖੇ ਇੱਕ ਵਿਅਕਤੀ ਵਲੋਂ ਨਾਬਾਲਗ ਮਾਸੂਮ ਬੱਚੀ ਨਾਲ ਜਬਰ ਜਨਾਹ ਕਰ ਕੇ ਬੇਰਹਿਮੀ ਨਾਲ ਕਤਲ ਕਰਨ ਤੇ ਸਖ਼ਤ ਰੋਸ਼ ਪ੍ਰਗਟ ਕੀਤਾ ਹੈ | ਹਰ ਵਿਅਕਤੀ ਦੇ ਦਿਲ ਨੂੰ ਵਲੂੰਧਰਨ ਵਾਲੀ ਅਣਮਨੁੱਖੀ ਘਟਨਾ ਬਾਅਦ ਪੀੜਤ ਬੱਚੀ ਦੇ ਬੇਹਾਲ ਹੋਏ ਮਾਪੇ ਰੋ-ਰੋ ਇਨਸਾਫ਼ ਦੀ ਦੁਹਾਈ ਪਾ ਰਹੇ ਹਨ | ਆਗੂਆਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਨਸਰਾਂ ਦਾ ਕੋਈ ਧਰਮ, ਖਿੱਤਾ ਜਾਂ ਫ਼ਿਰਕਾ ਨਹੀਂ ਹੁੰਦਾ | ਮੁਲਕ ਦੇ ਇਹ ਹਾਲਤ ਬਣ ਗਏ ਹਨ ਕਿ ਹਰ ਦਿਨ ਛੋਟੀਆਂ ਮਾਸੂਮ ਬੱਚੀਆਂ ਜਿੱਥੇ ਹੈਵਾਨੀਅਤ ਦਾ ਸ਼ਿਕਾਰ ਹੋ ਰਹੀਆਂ ਹਨ ਉੱਥੇ ਬੇਰਹਿਮੀ ਨਾਲ ਕਤਲ ਵੀ ਕੀਤਾ ਜਾ ਰਿਹਾ | ਦੇਸ਼ ਭਗਤ ਯਾਦਗਾਰ ਦੇ ਪ੍ਰਧਾਨ ਬਲਬੀਰ ਲੌਂਗੋਵਾਲ, ਅਨਿਲ ਸ਼ਰਮਾ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੁਝਾਰ ਲੌਂਗੋਵਾਲ, ਬੀਰਬਲ ਸਿੰਘ, ਸੰਦੀਪ ਸਿੰਘ, ਕਮਲਜੀਤ ਵਿੱਕੀ, ਡੈਮੋਕੇ੍ਰਟਿਕ ਟੀਚਰਜ਼ ਫ਼ਰੰਟ ਦੇ ਜਸਵੀਰ ਨਮੋਲ, ਦਾਤਾ ਸਿੰਘ ਨਮੋਲ, ਚੰਦਰ ਸ਼ੇਖਰ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਲਖਵੀਰ ਲੌਂਗੋਵਾਲ, ਭਗਤ ਸਿੰਘ ਮੋਟਰ ਸਾਈਕਲ ਰੇਹੜੀ ਯੂਨੀਅਨ ਦੇ ਚਰਨਾ ਸਿੰਘ, ਨੇ ਪੀੜਤ ਪਰਿਵਾਰ ਨੂੰ ਜਲਦ ਇਨਸਾਫ਼ ਦੀ ਮੰਗ ਕੀਤੀ ਹੈ |