ਮਸਤੂਆਣਾ ਸਾਹਿਬ, 25 ਨਵੰਬਰ (ਦਮਦਮੀ)-ਸੰਤ ਅਤਰ ਸਿੰਘ ਅਕਾਲ ਅਕੈਡਮੀ ਮਸਤੂਆਣਾ ਸਾਹਿਬ ਦੇ ਵਿਦਿਆਰਥੀ ਸਹਿਜਵੀਰ ਸਿੰਘ ਘੁੰਮਣ ਨੇ ਬੀਤੇ ਦਿਨੀਂ ਹੋਏ ਅੰਡਰ-19 ਨਿਸ਼ਾਨੇਬਾਜ਼ੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਰ ਮੈਡਲ ਜਿੱਤ ਕੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਆਪਣਿਆਂ ਮਾਤਾ ਪਿਤਾ ਦਾ ਨਾਮ ਵੀ ਚਮਕਾਇਆ ਹੈ | ਜਿਸ ਵਿਚ 60ਵੀਂ ਪੰਜਾਬ ਸਟੇਟ ਸ਼ੂਟਿੰਗ ਚੈਂਪੀਅਨਸ਼ਿਪ ਵਿਚ 10 ਮੀਟਰ ਟੀਮ ਵਿਚ ਪਹਿਲਾ ਅਤੇ 10 ਮੀਟਰ ਇੰਡਵੀਜੂਅਲ ਵਿਚ ਦੂਸਰਾ, 69ਵੀਂ ਪੰਜਾਬ ਸਕੂਲ ਅੰਤਰ ਜ਼ਿਲ੍ਹਾ ਚੈਂਪੀਅਨਸ਼ਿਪ ਏਅਰ ਰਾਈਫ਼ਲ ਅਤੇ 50 ਮੀਟਰ ਵਿਚੋਂ ਕ੍ਰਮਵਾਰ ਪਹਿਲਾ ਅਤੇ ਦੂਸਰਾ ਸਥਾਨ ਹਾਸਲ ਕੀਤਾ ਹੈ | ਪਿ੍ੰਸੀਪਲ ਵਿਜੇ ਪਲਾਹਾ ਨੇ ਵਿਦਿਆਰਥੀ ਦੀ ਸਫਲਤਾ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਸਹਿਜਵੀਰ ਸਿੰਘ ਘੁੰਮਣ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਹੈ, ਜਿਸ ਨੇ ਆਪਣੀ ਇਸ ਪ੍ਰਾਪਤੀ ਨਾਲ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਜ਼ਿਕਰਯੋਗ ਹੈ ਕਿ ਸਹਿਜਵੀਰ ਘੁੰਮਣ ਖੇਲੋ ਇੰਡੀਆ ਯੂਥ ਗੇਮਜ਼ ਵਿਚ ਵੀ ਹਿੱਸਾ ਲੈ ਚੁੱਕਿਆ ਹੈ | ਸਕੂਲ ਮੈਨੇਜਮੈਂਟ ਅਤੇ ਸਮੁੱਚੇ ਸਟਾਫ਼ ਮੈਂਬਰਾਂ ਨੇ ਸਹਿਜਵੀਰ ਦੀ ਇਸ ਪ੍ਰਾਪਤੀ 'ਤੇ ਦਿਲੋਂ ਖ਼ੁਸ਼ੀ ਜ਼ਾਹਰ ਕੀਤੀ ਅਤੇ ਕਿਹਾ ਕਿ ਉਸ ਦੀ ਸਖ਼ਤ ਮਿਹਨਤ ਅਤੇ ਲਗਨ ਸਮੁੱਚੇ ਵਿਦਿਆਰਥੀਆਂ ਲਈ ਇੱਕ ਵੱਡੀ ਪ੍ਰੇਰਣਾ ਦਾ ਸ੍ਰੋਤ ਹੈ | ਸਹਿਜਵੀਰ ਘੁੰਮਣ ਨੇ ਦੱਸਿਆ ਕਿ ਉਹ ਨਿਸ਼ਾਨੇਬਾਜ਼ੀ ਦੀ ਸਿਖਲਾਈ ਰੈਪਿਡ ਫਾਇਰ ਸ਼ੂਟਿੰਗ ਅਕੈਡਮੀ ਹਰੀਪੁਰਾ ਸੰਗਰੂਰ ਤੋਂ ਲੈ ਰਿਹਾ ਹੈ | ਇਸ ਮੌਕੇ ਸਹਿਜ ਵੀਰ ਸਿੰਘ ਘੁੰਮਣ ਵੱਲੋਂ ਚਾਰ ਮੈਡਲ ਜਿੱਤਣ ਦੀ ਖੁਸ਼ੀ ਵਿਚ ਪਿ੍ੰਸੀਪਲ ਵਿਜੇ ਪਲਾਹਾ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਗੁਰਜੰਟ ਸਿੰਘ ਦੁੱਗਾਂ ਅਤੇ ਹੋਰ ਸਟਾਫ ਵੱਲੋਂ ਵਧਾਈਆਂ ਦਿੱਤੀਆਂ |